ਕਾਂਗਰਸ ਵੱਲੋਂ 24 ਘੰਟੇ ਬਿਜਲੀ ਸਪਲਾਈ ਬੰਦ ਕਰਨਾ ਕੰਢੀ ਦੇ ਕਿਸਾਨਾਂ ਨਾਲ ਵੱਡਾ ਧੋਖਾ : ਮਨਜੀਤ ਦਸੂਹਾ

Friday, May 04, 2018 - 03:33 AM (IST)

ਹੁਸ਼ਿਆਰਪੁਰ,   (ਘੁੰਮਣ)-  ਕਾਂਗਰਸ ਸਰਕਾਰ ਵੱਲੋਂ ਕੰਢੀ ਇਲਾਕੇ ਨੂੰ 24 ਘੰਟੇ ਬਿਜਲੀ ਸਪਲਾਈ ਬੰਦ ਕਰਨ ਦਾ ਫੈਸਲਾ ਕਿਸਾਨਾਂ ਨਾਲ ਵੱਡਾ ਧੋਖਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਦਸੂਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੰਢੀ ਦੇ ਲੋਕ ਤਾਂ ਪਹਿਲਾਂ ਹੀ ਬਹੁਤ ਮੁਸੀਬਤਾਂ ਨਾਲ ਜੂਝ ਰਹੇ ਹਨ। ਜੰਗਲੀ ਜਾਨਵਰ ਪੱਕੀ ਹੋਈ ਫ਼ਸਲ ਨੂੰ ਬਰਬਾਦ ਕਰਦੇ ਹਨ ਤੇ ਕੰਢੀ ਦੀ ਰੇਤਲੀ ਜ਼ਮੀਨ ਵਿਚ ਥੋੜ੍ਹਾ ਸਮਾਂ ਬਿਜਲੀ ਦੇਣ ਨਾਲ ਸਿੰਚਾਈ ਕਿਵੇਂ ਹੋ ਸਕਦੀ ਹੈ। ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਇਨ੍ਹਾਂ ਜ਼ਮੀਨਾਂ ਨੂੰ ਆਬਾਦ ਕੀਤਾ। ਜੇਕਰ 24 ਘੰਟੇ ਬਿਜਲੀ ਨਹੀਂ ਮਿਲਦੀ ਤਾਂ ਫ਼ਸਲਾਂ ਨੂੰ ਪਾਣੀ ਪੂਰਾ ਨਹੀਂ ਮਿਲ ਸਕਦਾ ਤੇ  ਮੁੜ ਤੋਂ ਇਹ ਜ਼ਮੀਨਾਂ ਬੰਜਰ ਹੋ ਜਾਣਗੀਆਂ।  
ਦਸੂਹਾ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਸਰਕਾਰ ਕੰਢੀ ਦੇ ਵਿਕਾਸ ਦੀਆਂ ਡੀਂਗਾਂ ਮਾਰ ਰਹੀ ਹੈ, ਦੂਜੇ ਪਾਸੇ ਕੰਢੀ ਦੀ ਬਿਜਲੀ ਸਪਲਾਈ ਬੰਦ ਕਰਕੇ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ। ਇਹ ਹਮੇਸ਼ਾਂ ਹੀ ਲੋਕਾਂ ਨਾਲ ਧੋਖਾ ਕਰਦੇ ਹਨ। ਉਨ੍ਹਾਂ ਕੈਪ. ਅਮਰਿੰਦਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ਼ ਕਰਨ ਦੀਆਂ ਗੱਲਾਂ ਕਰ ਰਿਹਾ ਸੀ, ਪਰ ਅੱਜ ਸਰਕਾਰ  ਬਣਨ 'ਤੇ ਸਾਰੇ ਵਾਅਦਿਆਂ ਤੋਂ ਮੁੱਕਰ ਗਿਆ ਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੰਢੀ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਸੀ ਤਾਂ ਜੋ ਕੰਢੀ ਇਲਾਕੇ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ ਤੇ ਇਥੋਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹਮੇਸ਼ਾਂ ਉਨ੍ਹਾਂ ਨੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਹੋ ਜਿਹੇ ਫੈਸਲਿਆਂ ਨਾਲ ਆਉਣ ਵਾਲੇ ਸਮੇਂ ਵਿਚ ਜਿਥੇ ਦੇਸ਼ ਦੇ ਨਕਸ਼ੇ ਤੋਂ ਕਾਂਗਰਸ ਪਾਰਟੀ ਖਤਮ ਹੋ ਗਈ ਹੈ, ਉਥੇ ਪੰਜਾਬ ਵਿਚ ਵੀ ਹੋ ਜਾਵੇਗੀ। 
ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਮੂਨਕ ਜ਼ਿਲਾ ਪ੍ਰੀਸ਼ਦ ਮੈਂਬਰ, ਸਰਪੰਚ ਹਰਵਿੰਦਰ ਸਿੰਘ ਸਮਰਾ ਥਿੰਦਾ, ਜਰਨੈਲ ਸਿੰਘ, ਕ੍ਰਿਪਾਲ ਸਿੰਘ ਜਾਜਾ, ਡਾ. ਬਲਵਿੰਦਰ ਸਿੰਘ ਮਰਵਾਹਾ, ਸਤਵੰਤ ਸਿੰਘ ਆਦਿ ਵੀ ਮੌਜੂਦ ਸਨ। 


Related News