ਗੈਂਗਸਟਰ ਦਲਜੀਤ ਭਾਨਾ ਦੇ ਨਜ਼ਦੀਕੀ ਰਹਿ ਚੁੱਕੇ ਹੈਪੀ ਦੀ ਹਸਪਤਾਲ 'ਚ ਹੋਈ ਮੌਤ, ਰੰਜਿਸ਼ ਕਾਰਨ ਹੋਇਆ ਸੀ ਕਾਤਲਾਨਾ ਹਮਲਾ
Friday, Nov 24, 2017 - 10:41 AM (IST)

ਜਲੰਧਰ (ਰਾਜੇਸ਼) — ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਨਜ਼ਦੀਕੀ ਰਹਿ ਚੁੱਕੇ ਬਸਤੀ ਦਾਨਿਸ਼ਮੰਦਾ ਨਿਵਾਸੀ ਅਸ਼ੋਕ ਕੁਮਾਰ ਉਰਫ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ,ਜਿਥੇ ਜ਼ੇਰੇ ਇਲਾਦ ਉਸ ਦੀ ਮੌਤ ਹੋ ਗਈ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਉਸ 'ਤੇ ਹਮਲਾ ਕਿਸ ਨੇ ਕੀਤਾ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹੈਪੀ ਨੂੰ ਲੋਕਾਂ ਨੇ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਦੇਰ ਰਾਤ ਤਕ ਨਾਜ਼ੁਕ ਬਣੀ ਹੋਈ ਸੀ। ਹੈਪੀ 'ਤੇ ਥਾਣਾ 5 'ਚ ਪਹਿਲਾਂ ਵੀ ਮਾਮਲਾ ਦਰਜ ਹੈ। ਹੈਪੀ 'ਤੇ ਜਿਸ ਜਗ੍ਹਾ ਹਮਲਾ ਹੋਇਆ, ਉਥੇ ਸਬਜ਼ੀ ਮੰਡੀ ਲੱਗੀ ਹੋਈ ਸੀ। ਜਿਵੇਂ ਹੀ ਤੇਜ਼ਧਾਰ ਹਥਿਆਰਾਂ ਨਾਲ ਹੈਪੀ 'ਤੇ ਹਮਲਾਵਰਾਂ ਨੇ ਹਮਲਾ ਕੀਤਾ ਤਾਂ ਸਬਜ਼ੀ ਮੰਡੀ 'ਚ ਅਫਰਾ-ਤਫਰੀ ਮਚ ਗਈ। ਜਾਣਕਾਰੀ ਮੁਤਾਬਕ ਹੈਪੀ ਇਸੇ ਸਬਜ਼ੀ ਮੰਡੀ 'ਚ ਲਾਈਟ ਦਾ ਕੰਮ ਕਰਦਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਕੈਲਾਸ਼ ਚੰਦਰ, ਏ. ਸੀ. ਪੀ. ਜਸਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਜਾਣਕਾਰੀ ਮੁਤਾਬਕ ਬਬਰੀਕ ਚੌਕ ਨੇੜੇ ਅਸ਼ੋਕ ਕੁਮਾਰ ਉਰਫ ਹੈਪੀ ਕੀਤੇ ਜਾ ਰਿਹਾ ਸੀ ਕਿ ਰਸਤੇ 'ਚ ਕਰੀਬ ਅੱਧਾ ਦਰਜਨ ਹਮਲਾਵਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਥੋਂ ਫਰਾਰ ਹੋ ਗਏ। ਫਿਲਹਾਲ ਪੁਲਸ ਦੋਸ਼ੀਆਂ ਦੀ ਭਾਲ 'ਚ ਜੁੱਟ ਚੁੱਕੀ ਹੈ।