ਕੱਚੇ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਾ ਦਫ਼ਤਰ ਬੰਦ ਕਰਨ ’ਤੇ ਸਥਿਤੀ ਬਣੀ ਤਣਾਅਪੂਰਨ

Thursday, Aug 02, 2018 - 03:18 AM (IST)

ਕੱਚੇ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਾ ਦਫ਼ਤਰ ਬੰਦ ਕਰਨ ’ਤੇ ਸਥਿਤੀ ਬਣੀ ਤਣਾਅਪੂਰਨ

ਬਟਾਲਾ,  (ਮਠਾਰੂ, ਬੇਰੀ, ਸੈਂਡੀ)–  ਨਗਰ ਕੌਂਸਲ ਬਟਾਲਾ ਦੇ ਕੱਚੇ ਸਫ਼ਾਈ ਸੇਵਕਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਜ ਇਨ੍ਹਾਂ ਕੱਚੇ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਬਟਾਲਾ ਦੇ ਦਫ਼ਤਰ ਵਿਖੇ ਇਕੱਠੇ ਹੋ ਕੇ ਜਿਥੇ ਨਾਅਰੇਬਾਜ਼ੀ ਕਰਦਿਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ, ਉਥੇ ਨਾਲ ਹੀ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦੀਆਂ ਵੱਖ-ਵੱਖ ਬਰਾਂਚਾਂ ਦੇ ਦਫ਼ਤਰਾਂ ਨੂੰ ਧੱਕੇ ਨਾਲ ਬੰਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਕੌਂਸਲ ਦਾ ਮਾਹੌਲ ਇਕਦਮ ਗਰਮਾ ਗਿਆ। ਇਨ੍ਹਾਂ ਕੱਚੇ ਸਫ਼ਾਈ ਸੇਵਕਾਂ ਦੇ ਰੋਹ ਨੂੰ ਦੇਖ ਕੇ ਨਗਰ ਕੌਂਸਲ ਦੀਆਂ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਪੋ ਆਪਣੇ ਦਫ਼ਤਰਾਂ  ਵਿਚੋਂ ਬਾਹਰ ਨਿਕਲ ਆਏ ਜਦ ਕਿ ਹਾਲਾਤ ਨੂੰ ਵਿਗਡ਼ਦਿਆਂ ਦੇਖ ਕੇ ਮੌਕੇ ’ਤੇ ਪੁਲਸ ਨੂੰ ਬੁਲਾਉਣਾ ਪਿਆ। 
ਇਸ ਮੌਕੇ ਡੀ.ਐੱਸ.ਪੀ. ਸਿਟੀ ਪ੍ਰਲਾਦ ਸਿੰਘ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਵਿਸ਼ਵਾਮਿੱਤਰ ਪੁਲਸ ਫੋਰਸ ਦੇ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਸਫ਼ਾਈ ਸੇਵਕਾਂ ਨੂੰ ਦਫ਼ਤਰ ਬੰਦ ਕਰਨ ਤੋਂ ਰੋਕਦਿਆਂ ਸਫ਼ਾਈ ਸੇਵਕਾਂ ਨੂੰ ਸ਼ਾਂਤ ਕੀਤਾ। 
ਇਸ ਸਮੇਂ ਡੀ.ਐੱਸ.ਪੀ. ਸਿਟੀ ਪ੍ਰਲਾਦ ਸਿੰਘ ਨੇ ਸਫ਼ਾਈ ਸੇਵਕਾਂ ਅਤੇ ਉਨ੍ਹਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੱਲ ਦੀ ਮੀਟਿੰਗ ਦਾ ਸਮਾਂ ਤੈਅ ਕੀਤਾ ਅਤੇ ਸੋਮਵਾਰ ਤੱਕ ਤਨਖਾਹਾਂ ਦੇ ਇਸ ਮਸਲੇ ਨੂੰ ਹੱਲ ਕਰਨ  ਲਈ ਮੌਕੇ ’ਤੇ ਹੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਮੋਬਾਇਲ ਰਾਹੀਂ ਗੱਲ ਕੀਤੀ ਗਈ।
 ਈ. ਓ. ਹੀ ਦੱਸ ਸਕਦੇ ਹਨ ਕਿ ਤਨਖਾਹਾਂ ਦੀ ਰਾਸ਼ੀ ਵਾਲੇ ਚੈੱਕ ਕਿਉਂ ਰੋਕੇ ਗਏ : ਕੌਂਸਲ ਪ੍ਰਧਾਨ 
 ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿਤੀ 24 ਜੁਲਾਈ ਨੂੰ 14 ਲੱਖ 4 ਹਜ਼ਾਰ 935 ਰੁਪਏ ਦਾ ਚੈੱਕ ਜੋ ਕਿ 168 ਸਫ਼ਾਈ ਸੇਵਕਾਂ ਦੀ ਇਕ ਮਹੀਨੇ ਦੀ ਤਨਖਾਹ ਬਣਦੀ ਹੈ, ਉਹ ਜਾਰੀ ਕੀਤਾ ਗਿਆ ਹੈ, ਜਦ ਕਿ ਦੂਸਰੇ ਮਹੀਨੇ ਦੀ ਤਨਖਾਹ ਦੀ ਰਾਸ਼ੀ ਵੀ ਬੈਂਕ  ਵਿਚ ਟਰਾਂਸਫਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 24 ਜੁਲਾਈ ਨੂੰ 9 ਲੱਖ 87 ਹਜ਼ਾਰ 838 ਰੁਪਏ ਦਾ ਇਕ ਮਹੀਨੇ ਦੀ ਕੂਡ਼ੇ ਦੀ ਚੁਕਾਈ ਵਾਲਾ ਵੀ ਚੈੱਕ ਜਾਰੀ ਕੀਤਾ ਗਿਆ ਹੈ ਪਰ ਅੱਜੇ ਤੱਕ ਇਨ੍ਹਾਂ ਕੱਚੇ ਸਫ਼ਾਈ ਸੇਵਕਾਂ ਨੂੰ ਤਨਖਾਹ ਨਾ ਮਿਲਣ ਅਤੇ ਲਿਫਟਿੰਗ ਵਾਲੇ ਨੂੰ ਪੇਮੈਂਟ ਨਾ ਮਿਲਣ ਸਬੰਧੀ ਕੌਂਸਲ ਦੇ ਕਾਰਜਸਾਧਕ ਅਫ਼ਸਰ ਹੀ ਦੱਸ ਸਕਦੇ ਹਨ ਕਿ ਤਨਖਾਹਾਂ ਦੀ ਰਾਸ਼ੀ ਵਾਲੇ ਚੈੱਕ ਕਿਉਂ ਰੋਕੇ ਗਏ ਹਨ।
 ਕੀ ਕਹਿਣਾ ਹੈ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦਾ
 ਕੌਂਸਲ ਦੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਗੁਰਦਾਸਪੁਰ ਨਗਰ ਕੌਂਸਲ ਵਿਚ ਡਿਊਟੀ ਤੇ ਤਾਇਨਾਤ ਸਨ, ਜਦਕਿ ਕਰਮਚਾਰੀਆਂ ਵੱਲੋਂ ਟੈਲੀਫੋਨ ਰਾਹੀਂ ਉਨ੍ਹਾਂ ਨੂੰ ਸੂਚਨਾ ਦੇ ਕੇ ਦੱਸਿਆ ਗਿਆ ਕਿ ਕੱਚੇ ਸਫ਼ਾਈ ਸੇਵਕਾਂ ਵੱਲੋਂ ਕੌਂਸਲ ਦੇ ਦਫ਼ਤਰਾਂ ਨੂੰ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ।  ਤਾਂ  ਉਨ੍ਹਾਂ  ਤੁਰੰਤ ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਫੋਰਸ ਵੀ ਪਹੁੰਚ ਗਈ। ਈ. ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਸਫ਼ਾਈ ਦਾ ਟੈਂਡਰ ਗਲਤ ਢੰਗ ਨਾਲ ਕੀਤਾ ਗਿਆ ਸੀ, ਜਿਸ ਦੀ ਜਾਂਚ ਚੱਲ ਰਹੀ ਸੀ ਅਤੇ ਬੀਤੇ ਕੱਲ ਹੀ ਇਸ 1 ਜਨਵਰੀ 2016 ਦੇ ਟੈਂਡਰ ਦੀ ਪਡ਼ਤਾਲ  ਮੁਕੰਮਲ ਹੋਈ ਹੈ, ਜਿਸ ਵਿਚ ਅਣਸਿੱਖਿਅਤ ਕੈਟਾਗਰੀ ਨੂੰ ਛੱਡ ਕੇ ਦੂਜੀ ਕੈਟਾਗਿਰੀ  ਵਿਚ ਟੈਂਡਰ ਪਾਸ ਕੀਤਾ ਹੈ, ਜਿਸ  ਕਾਰਨ ਕੂਡ਼ੇ ਦੇ ਠੇਕੇਦਾਰ ਦੀ ਰਕਮ ਵਿਚ 11 ਲੱਖ 50 ਹਜ਼ਾਰ ਰੁਪਏ ਦੀ ਕਟੌਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਥਿਤੀ ਸਾਫ਼ ਹੋ ਗਈ ਹੈ, ਇਸ ਲਈ ਅੱਜ ਇਨ੍ਹਾਂ ਕੱਚੇ ਸਫ਼ਾਈ ਸੇਵਕਾਂ ਨੂੰ 2 ਮਹੀਨੇ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ।          
 


Related News