ਸਫਾਈ ਕਰਮਚਾਰੀ ਦੀ ਕੁੱਟ-ਮਾਰ ਦੇ ਰੋਸ ’ਚ ਕੌਂਸਲ ਦਫਤਰ ਅੱਗੇ ਧਰਨਾ

Tuesday, Jul 24, 2018 - 01:30 AM (IST)

ਸਫਾਈ ਕਰਮਚਾਰੀ ਦੀ  ਕੁੱਟ-ਮਾਰ ਦੇ  ਰੋਸ  ’ਚ  ਕੌਂਸਲ ਦਫਤਰ ਅੱਗੇ  ਧਰਨਾ

 ਸੁਨਾਮ, ਊਧਮ ਸਿੰਘ ਵਾਲਾ,   (ਮੰਗਲਾ)–  ਨਗਰ ਕੌਂਸਲ ’ਚ ਦਰਜਨਾਂ ਸਫਾਈ ਕਰਮਚਾਰੀਆਂ ਵੱਲੋਂ ਇਕ ਸਫਾਈ ਕਰਮਚਾਰੀ ਦੀ  ਕੁੱਟ-ਮਾਰ ਕਰਨ  ’ਤੇ ਸਫਾਈ ਸੇਵਕਾਂ ਨੇ ਯੂਨੀਅਨ ਦੇ ਸੂਬਾ  ਆਗੂ ਰਾਜੇਸ਼ ਕੁਮਾਰ ਟੋਨੀ ਦੀ ਅਗਵਾਈ ’ਚ ਨਗਰ ਕੌਂਸਲ ਦਫਤਰ ਅੱਗੇ  ਧਰਨਾ ਦੇ ਕੇ ਸੱਤਾਧਾਰੀ ਪਾਰਟੀ ਅਤੇ  ਇਕ ਯੂਥ ਆਗੂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜੇਸ਼ ਟੋਨੀ, ਮੱਕਡ਼ੀ ਬਾਬਾ, ਵਿਕਾਸ ਕੁਮਾਰ ਵਿੱਕੀ, ਗੁਰਮੇਲ ਸਿੰਘ, ਬਿੱਟੂ ਆਦਿ ਨੇ ਕਿਹਾ ਹੈ ਕਿ ਕਾਲੀ ਰਾਮ ਸਫਾਈ ਸੇਵਕ 20 ਨੰਬਰ ਵਾਰਡ ਵਿਚ ਈਮਾਨਦਾਰੀ ਨਾਲ ਕੰਮ ਕਰਦਾ ਆ ਰਿਹਾ ਹੈ,  ਜਿਸ ਨੂੰ ਇਕ ਲਡ਼ਕੀ ਵੱਲੋਂ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਆਪਣੀ ਰਾਜਨੀਤਕ ਪਹੁੰਚ ਨਾਲ ਡਰਾ ਰਹੀ ਹੈ। ਇਸ ਸਫਾਈ ਸੇਵਕ ’ਤੇ ਉਕਤ ਲਡ਼ਕੀ ਨੇ ਆਪਣੇ 5-6 ਸਾਥੀਆਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ ਅਤੇ  ਸਫਾਈ ਸੇਵਕ ਯੂਨੀਅਨ ਦੇ ਇਕ ਆਗੂ ਵਿਰੁੱਧ ਥਾਣੇ ਵਿਚ ਝੂਠੀ ਦਰਖਾਸਤ ਦੇ ਦਿੱਤੀ ਤੇ ਸਿਵਲ ਹਸਪਤਾਲ ’ਚ ਦਾਖਲ ਹੋ ਗਈ। ਧਰਨਾ ਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ  ਵਿਰੁੱਧ ਕਾਰਵਾਈ ਕੀਤੀ ਜਾਵੇ। ਧਰਨੇ ਵਿਚ ਰਿਸ਼ੀਪਾਲ, ਗੁਰਮੀਤ ਸਿੰਘ, ਭੋਲਾ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।
 ਦੂਜੇ  ਪਾਸੇ  ਸਬੰਧਤ ਲਡ਼ਕੀ  ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਕਰਕੇ ਜ਼ਖਮੀ ਹੋਣ ਕਾਰਨ ਉਹ ਹਸਪਤਾਲ ਵਿਚ ਦਾਖਲ ਹੋਈ। ਉਸ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਵੀ ਨਕਾਰਿਆ। 
 


Related News