ਦੇਖ ਲਓ ਪੰਜਾਬ ਦਾ ਹਾਲ, ਸਰਕਾਰੀ ਹਸਪਤਾਲ ਨੇ ਸਫਾਈ ਮੁਲਾਜ਼ਮ ਨੂੰ ਬਣਾ ਦਿੱਤਾ ਡਾਕਟਰ (ਤਸਵੀਰਾਂ)
Monday, Mar 16, 2020 - 11:56 AM (IST)
ਜਲਾਲਾਬਾਦ (ਸੁਨੀਲ ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਹਲਕੇ ’ਚ ਬਣੇ ਸਰਕਾਰੀ ਹਸਪਤਾਲ ਨੂੰ ਲੈ ਕੇ ਵੱਡੇ-ਵੱਡੇ ਸਿਆਸਤਦਾਨਾਂ ਵਲੋਂ ਕੀਤੇ ਸਾਰੇ ਵਾਅਦੇ ਫੇਲ ਸਿੱਧ ਹੋ ਰਹੇ ਹਨ। ਸਥਾਨਕ ਲੋਕਾਂ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਹਸਪਤਾਲ ’ਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਹਸਪਤਾਲ ’ਚ ਸਫਾਈ ਕਰਨ ਵਾਲੇ ਮੁਲਾਜ਼ਮਾਂ ਵਲੋਂ ਕੀਤਾ ਜਾਂਦਾ ਹੈ। ਉਕਤ ਮੁਲਾਜ਼ਮ ਆਪਣੇ ਕੰਮ ਦੇ ਨਾਲ-ਨਾਲ ਡਾਕਟਰਾਂ ਦਾ ਕੰਮ ਵੀ ਬਾਖੂਬੀ ਤਰ੍ਹਾਂ ਨਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਹਸਪਤਾਲ ’ਚ ਮਰੀਜ਼ ਦੀ ਈ.ਸੀ.ਜੀ.ਕਰ ਰਿਹਾ ਸ਼ਖਸ ਕੋਈ ਡਾਕਟਰ ਨਹੀਂ ਹੈ ਸਗੋਂ ਇਹ ਤਾਂ ਦਰਜਾ ਚਾਰ ਕਰਮਚਾਰੀ, ਜੋ ਆਪਣੀ ਡਿਊਟੀ ਦੇ ਨਾਲ-ਨਾਲ ਡਾਕਟਰ ਦਾ ਕੰਮ ਵੀ ਸੰਭਾਲ ਰਿਹਾ ਹੈ। ਉਕਤ ਮੁਲਾਜ਼ਮ ਇਕ-ਦੋ ਦਿਨ ਜਾਂ ਮਹੀਨੇ ਤੋਂ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਨ।
ਦੱਸ ਦੇਈਏ ਕਿ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਡਾਕਟਰਾਂ ਦਾ ਕਾਲ ਪਿਆ ਹੋਇਆ ਹੈ। ਆਲਮ ਇਹ ਹੈ ਕਿ ਡਾਕਟਰਾਂ ਦੀ ਇਸ ਕਮੀ ਦੇ ਕਾਰਨ ਦਰਜਾ ਚਾਰ ਮੁਲਾਜ਼ਮ ਡਾਕਟਰਾਂ ਵਾਲੇ ਕੰਮ ਕਰ ਰਹੇ ਹਨ। ਉਕਤ ਮੁਲਾਜ਼ਮ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਦੇ ਟੈਸਟ ਵੀ ਆਪ ਵੀ ਕਰ ਰਹੇ ਹਨ। ਇਸ ਮਾਮਲੇ ਦੇ ਸਬੰਧ ’ਚ ਜਦੋਂ ਪੱਤਰਕਾਰ ਵਲੋਂ ਈ.ਸੀ.ਜੀ. ਕਰ ਰਹੇ ਮੁਕੇਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਹਸਪਤਾਲ 'ਚ ਕੰਮ ਕਰ ਰਿਹਾ ਹੈ। ਦੂਜੇ ਪਾਸੇ ਮਰੀਜ਼ਾਂ ਨਾਲ ਹੋ ਰਹੇ ਇਸ ਖਿਲਵਾੜ ਦੇ ਬਾਰੇ ਜਦੋਂ ਹਸਪਤਾਲ 'ਚ ਮੌਜੂਦ ਇਕ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਟਾਲ-ਮਟੋਲ ਕਰਦਾ ਹੋਇਆ ਨਜ਼ਰ ਆਇਆ।
ਦੱਸਣਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਣੇ ਕਰੋੜਾਂ ਰੁਪਏ ਖਰਚ ਕਰਕੇ ਜਲਾਲਾਬਾਦ 'ਚ ਸਰਕਾਰੀ ਹਸਪਤਾਲ ਬਣਾਇਆ ਗਿਆ ਸੀ, ਜਿਥੇ ਅਜੇ ਤੱਕ ਡਾਕਟਰਾਂ ਦੀ ਕਮੀ ਪੂਰੀ ਨਹੀਂ ਹੋ ਸਕੀ। ਨਤੀਜਾ, ਡਾਕਟਰਾਂ ਦੀ ਮੰਗ ਕਰ-ਕਰ ਹਾਰੇ ਲੋਕ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਨ ਲੱਗੇ ਤੇ ਹੁਣ ਸਰਕਾਰੀ ਹਸਪਤਾਲ ਮਹਿਜ ਇਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ।