ਭੇਦਭਰੇ ਹਾਲਾਤ 'ਚ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Monday, Jul 01, 2019 - 10:32 PM (IST)

ਖਰੜ,(ਰਣਬੀਰ, ਅਮਰਦੀਪ, ਸ਼ਸ਼ੀ): ਸ਼ਹਿਰ ਦੇ ਪਿੰਡ ਸਵਾੜਾ ਦੇ ਨੌਵੀਂ ਜਮਾਤ 'ਚ ਪੜ੍ਹਦੇ ਇਕ 15 ਸਾਲਾ ਨਾਬਾਲਗ ਲੜਕੇ ਨੇ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਬਾਰੇ ਤਫਤੀਸ਼ੀ ਅਫਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਬਾਅਦ 3 ਵਜੇ ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਕਿ ਨੌਵੀਂ ਜਮਾਤ 'ਚ ਪੜ੍ਹਦੇ ਨਵਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਵਲੋਂ ਆਪਣੇ ਘਰ ਦੇ ਵਿਹੜੇ 'ਚ ਲੱਗੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਲਿਆ, ਜੋ ਕਿ ਉਸ ਸਮੇਂ ਘਰ ਵਿਚ ਇਕੱਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਹ ਗੁਆਂਢੀਆਂ ਦੀ ਛੱਤ ਉਪਰੋਂ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਤੇ ਦੇਖਿਆ ਕਿ ਉਕਤ ਲੜਕੇ ਦੀ ਲਾਸ਼ ਹੁੱਕ ਨਾਲ ਲਟਕ ਰਹੀ ਸੀ। ਜਿਸ ਨੂੰ ਉਨ੍ਹਾਂ ਪਿੰਡ ਵਾਸੀਆਂ ਦੀ ਮੱਦਦ ਨਾਲ ਉਤਰਵਾਕੇ ਲਾਸ਼ ਆਪਣੇ ਕਬਜ਼ੇ 'ਚ ਲੈ ਲਈ, ਜਿਸ ਤੋਂ ਬਾਅਦ ਉਨ੍ਹਾਂ ਮ੍ਰਿਤਕ ਦੀ ਤਲਾਸ਼ੀ ਲਈ, ਜਿਸ ਦੌਰਾਨ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਆਦਿ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋ ਕਿ ਆਟੋ ਰਿਕਸ਼ਾ ਚਲਾਉਂਦੇ ਹਨ ਤੇ ਉਸ ਸਮੇਂ ਉਹ ਆਪਣਾ ਆਟੋ ਲੈ ਕੇ ਗਏ ਹੋਏ ਸਨ। ਜਦ ਕਿ ਮ੍ਰਿਤਕ ਦੀ ਮਾਂ ਤੇ ਛੋਟੀ ਭੈਣ ਦਵਾਈ ਲੈਣ ਲਈ ਘਰੋਂ ਬਾਹਰ ਗਈਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਮ੍ਰਿਤਕ ਦੀ ਮਾਂ ਤੇ ਭੈਣ ਦਵਾਈ ਲੈ ਕੇ ਵਾਪਸ ਘਰ ਪਹੁੰਚੀਆਂ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਉਨ੍ਹਾਂ ਆਪਣੇ ਲੜਕੇ ਨੂੰ ਦਰਵਾਜ਼ਾ ਖੋਲਣ ਲਈ ਕਾਫੀ ਆਵਾਜ਼ਾਂ ਵੀ ਮਾਰੀਆਂ ਪਰ ਅੰਦਰੋਂ ਕੋਈ ਜਵਾਬ ਨਾ ਆਉਣ 'ਤੇ ਜਦੋਂ ਉਨ੍ਹਾਂ ਘਰ ਦੀ ਛੱਤ ਉਪਰ ਚੜਕੇ ਵੇਖਿਆ ਤਾਂ ਅੰਦਰ ਉਨ੍ਹਾਂ ਦਾ ਲੜਕਾ ਹੁੱਕ ਨਾਲ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਹੁਣ ਤਕ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।