ਬੰਦ ਦੇ ਮੱਦੇਨਜ਼ਰ ਪੁਲਸ ਨੇ ਕੱਢਿਆ ਫਲੈਗ ਮਾਰਚ

Monday, Apr 02, 2018 - 03:17 AM (IST)

ਬਟਾਲਾ,  (ਬੇਰੀ)-  ਐੱਸ. ਸੀ./ਐੱਸ. ਟੀ. ਐਕਟ ਸਬੰਧੀ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਬਟਾਲਾ ਪੁਲਸ ਨੇ ਬੰਦ ਨੂੰ ਅਮਨ-ਅਮਾਨ ਨਾਲ ਸੰਪੰਨ ਕਰਵਾਉਣ ਦੇ ਉਦੇਸ਼ ਨਾਲ ਸ਼ਹਿਰ ਵਿਚ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਤਹਿਤ ਫਲੈਗ ਮਾਰਚ ਕੱਢਿਆ, ਜਿਸ ਦੀ ਅਗਵਾਈ ਐੱਸ. ਪੀ. ਹੈੱਡ ਕੁਆਰਟਰ ਵਰੁਣ ਸ਼ਰਮਾ, ਡੀ. ਐੱਸ. ਪੀ. (ਡੀ) ਬਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਹ ਫਲੈਗ ਮਾਰਚ ਥਾਣਾ ਸਿਵਲ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗਿਆ। ਇਸ ਦੌਰਾਨ ਪੁਲਸ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਲਈ ਕਿਹਾ ਅਤੇ ਜਾਗਰੂਕ ਕੀਤਾ ਕਿ ਜੇਕਰ ਕੋਈ ਲਾਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਵੇ। 
ਇਸ ਮੌਕੇ ਐੱਸ. ਐੱਚ. ਓ. ਸਿਵਲ ਲਾਈਨ ਪਰਮਜੀਤ ਸਿੰਘ, ਐੱਸ. ਐੱਚ. ਓ. ਸਿਟੀ ਵਿਸ਼ਵਾਮਿੱਤਰ ਸ਼ਰਮਾ, ਐੱਸ. ਐੱਚ. ਓ. ਸਦਰ ਕੁਲਵਿੰਦਰ ਸਿੰਘ, ਐੱਸ. ਐੱਚ. ਓ. ਘਣੀਏ-ਕੇ-ਬਾਂਗਰ ਮੁਖਤਿਆਰ ਸਿੰਘ, ਐੱਸ. ਐੱਚ. ਓ. ਰੰਗੜ ਨੰਗਲ ਟੀ. ਪੀ. ਸਿੰਘ, ਐੱਸ. ਐੱਚ. ਓ. ਸੇਖਵਾਂ ਪ੍ਰਭਜੋਤ ਸਿੰਘ, ਐੱਸ. ਆਈ. ਸੁਖਜੀਤ ਕੌਰ ਤੁੰਗ ਸਮੇਤ ਪੁਲਸ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਫਤਿਹਗੜ੍ਹ ਚੂੜੀਆਂ, (ਬਿਕਰਮਜੀਤ)-ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਐੱਸ. ਐੱਚ. ਓ. ਚਰਨਜੀਤ ਸਿੰਘ ਰੰਧਾਵਾ ਵੱਲੋਂ ਐੱਸ. ਸੀ./ਐੱਸ. ਟੀ. ਐਕਟ ਤਹਿਤ ਨਿਰਧਾਰਿਤ ਸ਼ਰਤਾਂ ਨੂੰ ਨਰਮ ਕਰਨ ਵਿਰੁੱਧ ਅੱਜ ਦਿੱਤੇ ਗਏ ਬੰਦ ਦੇ ਸੱਦੇ 'ਤੇ ਭਾਰੀ ਪੁਲਸ ਫੋਰਸ ਸਮੇਤ ਸਥਾਨਕ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਏ. ਐੱਸ. ਆਈ. ਝਿਰਮਲ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ, ਏ. ਐੱਸ. ਆਈ. ਨੰਦ ਲਾਲ ਭੱਟੀ ਤੋਂ ਇਲਾਵਾ ਪੁਲਸ ਮੁਲਾਜ਼ਮ ਹਾਜ਼ਰ ਸਨ।
ਪਠਾਨਕੋਟ, (ਸ਼ਾਰਦਾ)-ਜ਼ਿਲੇ ਦੇ ਵੱਖ-ਵੱਖ ਸੰਗਠਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ 'ਤੇ ਜ਼ਿਲਾ ਪੁਲਸ ਨੇ ਸ਼ਹਿਰ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅਤੇ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ। ਜ਼ਿਲਾ ਪੁਲਸ ਵੱਲੋਂ ਕੱਢੇ ਗਏ ਫਲੈਗ ਮਾਰਚ ਵਿਚ 600 ਐੱਨ. ਜੀ. ਓ., ਔਰਤ ਤੇ ਪੁਰਸ਼ ਮੁਲਾਜ਼ਮਾਂ ਨੇ ਹਿੱਸਾ ਲਿਆ। ਫਲੈਗ ਮਾਰਚ ਸਥਾਨਕ ਕਬਾੜ ਧਰਮਸ਼ਾਲਾ ਤੋਂ ਸ਼ੁਰੂ ਹੋਇਆ, ਜਿਸ ਨੂੰ ਐੱਸ. ਐੱਸ. ਪੀ. ਵਿਵੇਕਸ਼ੀਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡੀ. ਐੱਸ. ਪੀ. ਰਣਜੀਤ ਸਿੰਘ ਤੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਬੰਦ ਨੂੰ ਲੈ ਕੇ ਜ਼ਿਲੇ ਵਿਚ ਸੁਰੱਖਿਆ ਵਿਵਸਥਾ ਨੂੰ ਪੁਖ਼ਤਾ ਕੀਤਾ ਗਿਆ ਹੈ ਅਤੇ ਇਸ ਦੌਰਾਨ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਡੇਰਾ ਬਾਬਾ ਨਾਨਕ, (ਕੰਵਲਜੀਤ)-ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਅੱਜ ਦਲਿਤ ਸਮਾਜ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਡੀ. ਐੱਸ. ਪੀ. ਦੀਪਕ ਰਾਏ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਦੇ ਜਵਾਨ ਹਾਜ਼ਰ ਸਨ। ਇਸ ਦੌਰਾਨ ਐੱਸ. ਐੱਚ. ਓ. ਕੁਲਵੰਤ ਸਿੰਘ, ਐੱਸ. ਐੱਚ. ਓ. ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਮੌਜੂਦ ਸੀ।


Related News