ਸਿਵਲ ਹਸਪਤਾਲ-ਲਹਿਰੀਸ਼ਾਹ ਮਾਰਗ ''ਤੇ ਲੱਗਾ ਰਹਿੰਦੈ ਜਾਮ
Monday, Aug 14, 2017 - 03:43 AM (IST)
ਰੂਪਨਗਰ, (ਕੈਲਾਸ਼)- ਸਰਕਾਰੀ ਹਸਪਤਾਲ ਰੂਪਨਗਰ ਤੋਂ ਲਹਿਰੀਸ਼ਾਹ ਮੰਦਿਰ ਰੋਡ 'ਤੇ ਰੋਜ਼ਾਨਾ ਲੱਗਣ ਵਾਲੇ ਟ੍ਰੈਫਿਕ ਜਾਮ ਕਾਰਨ ਜਿਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਕਈ ਵਾਰ ਐਂਬੂਲੈਂਸ ਵੀ ਟ੍ਰੈਫਿਕ 'ਚ ਫਸਦੀ ਵੇਖੀ ਜਾ ਸਕਦੀ ਹੈ ਪਰ ਟ੍ਰੈਫਿਕ ਪੁਲਸ ਵੱਲੋਂ ਠੋਸ ਕਾਰਵਾਈ ਨਾ ਕਰਨ ਕਾਰਨ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।
ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਲਹਿਰੀਸ਼ਾਹ ਮੰਦਿਰ ਰੋਡ 'ਤੇ ਅਕਸਰ ਟ੍ਰੈਫਿਕ ਜਾਮ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਬੀਤੇ ਦਿਨ ਵੀ ਇਕ ਐਂਬੂਲੈਂਸ, ਜੋ ਪ੍ਰਾਈਵੇਟ ਹਸਪਤਾਲ ਤੋਂ ਇਕ ਮਰੀਜ਼ ਨੂੰ ਲੈ ਕੇ ਸਰਕਾਰੀ ਹਸਪਤਾਲ ਜਾ ਰਹੀ ਸੀ, ਜਾਮ 'ਚ ਫਸ ਗਈ ਤੇ ਵਾਰ-ਵਾਰ ਹੂਟਰ ਮਾਰਨ 'ਤੇ ਵੀ ਉਸ ਨੂੰ ਰਸਤਾ ਨਹੀਂ ਮਿਲ ਰਿਹਾ ਸੀ। ਜ਼ਿਕਰਯੋਗ ਹੈ ਕਿ ਉਕਤ ਮਾਰਗ 'ਤੇ ਕੁਝ ਵਾਹਨ ਚਾਲਕ ਆਪਣੀਆਂ ਕਾਰਾਂ ਖੜ੍ਹੀਆਂ ਕਰ ਕੇ ਖਰੀਦਦਾਰੀ ਲਈ ਚਲੇ ਜਾਂਦੇ ਹਨ ਤੇ ਬਾਜ਼ਾਰ ਤੰਗ ਹੋਣ ਕਾਰਨ ਜਾਮ ਲੱਗ ਜਾਂਦਾ ਹੈ।
ਭਾਵੇਂ ਟ੍ਰੈਫਿਕ ਪੁਲਸ ਵੱਲੋਂ ਕੁਝ ਸਮਾਂ ਪਹਿਲਾਂ ਉਕਤ ਮਾਰਗ 'ਤੇ ਨੋ ਪਾਰਕਿੰਗ ਦੇ ਬੋਰਡ ਵੀ ਲਾਏ ਗਏ ਸੀ ਤੇ ਟ੍ਰੈਫਿਕ ਪੁਲਸ ਵੱਲੋਂ ਸੜਕਾਂ 'ਤੇ ਖੜ੍ਹਨ ਵਾਲੇ ਵਾਹਨਾਂ ਦੇ ਚਾਲਕਾਂ ਦੇ ਵੱਡੀ ਗਿਣਤੀ 'ਚ ਚਲਾਨ ਵੀ ਕੱਟੇ, ਜਿਸ ਦਾ ਅਸਰ ਵੀ ਵੇਖਣ ਨੂੰ ਮਿਲਿਆ ਪਰ ਕੁਝ ਸਮੇਂ ਤੋਂ ਟ੍ਰੈਫਿਕ ਪੁਲਸ ਵੱਲੋਂ ਵਰਤੀ ਜਾ ਰਹੀ ਢਿੱਲ ਕਰਕੇ ਉਕਤ ਮਾਰਗ 'ਤੇ ਟ੍ਰੈਫਿਕ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਮਾਰਗ 'ਤੇ ਟ੍ਰੈਫਿਕ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ।
