ਆਪਣੇ ਹੀ ਇਲਾਜ ਲਈ ਤਰਸ ਰਿਹਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ

11/21/2017 3:38:26 AM

ਸੁਲਤਾਨਪੁਰ ਲੋਧੀ, (ਸੋਢੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਸਿਵਲ ਹਸਪਤਾਲ ਖੁਦ ਆਪਣੇ ਇਲਾਜ ਨੂੰ ਤਰਸ ਰਿਹਾ ਹੈ। ਹਸਪਤਾਲ 'ਚ ਸ਼ਹਿਰ ਦੇ ਅਰੋੜਾ ਰਸਤਾ ਮੁਹੱਲਾ ਵਾਲੇ ਗੇਟ ਦੇ ਨਾਲ ਕੂੜਾ ਕਰਕਟ ਤੇ ਗੰਦਗੀ ਦੇ ਢੇਰਾਂ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਇਥੋਂ ਦੀ ਲੰਘਣ ਲੱਗਿਆਂ ਬਦਬੂ ਨਾਲ ਮੰਦਾ ਹਾਲ ਹੋ ਜਾਂਦਾ ਹੈ ਪਰ ਨੇੜੇ ਹੀ ਡਾਕਟਰਾਂ ਤੇ ਸਟਾਫ ਦੇ ਕੁਆਰਟਰ ਬਣਾਏ ਹੋਏੇ ਹਨ। ਹਸਪਤਾਲ ਵਿਚਲੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਤੇ ਸਫਾਈ ਪੱਖੋਂ ਵੀ ਹਾਲ ਠੀਕ ਨਹੀਂ ਹੈ। ਹਸਪਤਾਲ 'ਚ ਡਾਕਟਰਾਂ ਤੇ ਹੋਰ ਸਟਾਫ ਦੀ ਭਾਰੀ ਘਾਟ ਹੋਣ ਕਾਰਨ ਮਰੀਜ਼ ਨੇੜੇ ਖੁੱਲ੍ਹੇ ਪ੍ਰਾਈਵੇਟ ਨਰਸਿੰਗ ਹੋਮ ਤੋਂ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਵੱਲੋਂ ਸਿਵਲ ਹਸਪਤਾਲ 'ਚ ਵਧੀਆ ਸਿਹਤ ਸਹੂਲਤਾਂ ਦੇਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਬਿਲਕੁਲ ਖੋਖਲੇ ਸਿੱਧ ਹੋ ਰਹੇ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਖਾਲਸਾ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਦੀ ਹਾਲਤ ਸੁਧਾਰੀ ਜਾਵੇ ਤੇ ਗਰੀਬ ਜਨਤਾ ਨੂੰ ਹਸਪਤਾਲ 'ਚੋਂ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਮੈਡੀਕਲ ਸਟੋਰਾਂ ਦੀ ਪ੍ਰਾਈਵੇਟ ਲਿਖੀ ਜਾਂਦੀ ਪਰਚੀ 'ਤੇ ਬੇਲੋੜੇ ਟੈਸਟਾਂ ਦੀ ਲੁੱਟ ਬੰਦ ਕਰਵਾਈ ਜਾਵੇ।


Related News