ਸਿਵਲ ਹਸਪਤਾਲ ''ਚ ਸਾਰੇ ਐੱਮ. ਡੀ. ਡਾਕਟਰ ਛੁੱਟੀ ''ਤੇ, ਮਰੀਜ਼ ਹੋਏ ਪ੍ਰੇਸ਼ਾਨ

09/24/2017 3:21:07 AM

ਸੁਲਤਾਨਪੁਰ ਲੋਧੀ,   (ਸੋਢੀ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ 'ਚ ਆਮ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਦੇ ਸਾਰੇ ਵਾਅਦੇ ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਖੋਖਲੇ ਸਾਬਤ ਹੋਏ, ਜਦੋਂ ਮਰੀਜ਼ ਓ. ਪੀ. ਡੀ. ਦੀ ਪਰਚੀ ਹੱਥਾਂ 'ਚ ਫੜੀ ਚੈੱਕ ਕਰਵਾਉਣ ਲਈ ਤੇ ਦਵਾਈ ਲੈਣ ਲਈ ਸਿਵਲ ਹਸਪਤਾਲ 'ਚ ਇੱਧਰ-ਉਧਰ ਭਟਕਦੇ ਰਹੇ, ਪਰ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਕਾਰਨ ਕੋਈ ਵੀ ਐੱਮ. ਡੀ. ਡਾਕਟਰ ਮਰੀਜ਼ ਚੈੱਕ ਕਰਨ ਲਈ ਸ਼ਨੀਵਾਰ ਦੇ ਦਿਨ ਨਾ ਮਿਲਿਆ। 
ਇਸ ਸਮੇਂ ਡੇਂਗੂ, ਮਲੇਰੀਆ ਤੇ ਵਾਇਰਲ ਬੁਖਾਰ ਦਾ ਪੂਰਾ ਜ਼ੋਰ ਹੈ ਤੇ ਅਜਿਹੇ ਸਮੇਂ 'ਚ ਸਿਵਲ ਹਸਪਤਾਲ 'ਚ ਡਾਕਟਰ ਹੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਨਿਰਾਸ਼ ਹੋ ਕੇ ਜਾਣਾ ਪਿਆ। 
ਜਦੋਂ 'ਜਗ ਬਾਣੀ' ਦੇ ਪ੍ਰਤੀਨਿਧੀ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਸਿਵਲ ਹਸਪਤਾਲ ਅੰਦਰ ਕੋਈ ਵੀ ਐੱਮ. ਡੀ. ਡਾਕਟਰ ਨਹੀਂ ਸੀ, ਜਿਸ ਬਾਰੇ ਸਟਾਫ ਨੇ ਦੱਸਿਆ ਕਿ ਡਾਕਟਰਾਂ ਦੀ ਘਾਟ ਕਾਰਨ ਡਾਕਟਰ ਡਬਲ ਡਿਊਟੀ ਕਰਨ ਤੋਂ ਬਾਅਦ ਛੁੱਟੀ 'ਤੇ ਹਨ। ਇਸ ਸਮੇਂ ਹਸਪਤਾਲ 'ਚ ਇਕ ਡਿਊਟੀ ਡਾਕਟਰ ਚਰਨਜੀਤ ਸਿੰਘ ਹੀ ਮੌਜੂਦ ਸਨ, ਜੋ ਕਿ ਹੱਡੀਆਂ ਦੇ ਮਾਹਿਰ ਡਾਕਟਰ ਹਨ ਤੇ ਇਕ ਚਮੜੀ ਦੇ ਰੋਗਾਂ ਦਾ ਮਾਹਿਰ ਡਾਕਟਰ ਜੋ ਕਿ ਹਫਤੇ 'ਚ ਇਕ ਦਿਨ ਸ਼ਨੀਵਾਰ ਨੂੰ ਹੀ ਸੁਲਤਾਨਪੁਰ ਲੋਧੀ ਆਉਂਦਾ ਹੈ, ਉਹ ਆਪਣੇ ਚਮੜੀ ਦੇ ਰੋਗਾਂ ਦੇ ਮਰੀਜ਼ ਚੈੱਕ ਕਰ ਰਿਹਾ ਸੀ। 
ਓ. ਪੀ. ਡੀ. ਸਟਾਫ ਵਲੋਂ 10 ਰੁਪਏ ਵਾਲੀ ਪਰਚੀ ਕੱਟ ਕੇ ਸਾਰੇ ਮਰੀਜ਼ ਡਾ. ਚਰਨਜੀਤ ਸਿੰਘ (ਹੱਡੀਆਂ ਦੇ ਮਾਹਿਰ) ਕੋਲ ਹੀ ਚੈੱਕ ਕਰਨ ਲਈ ਭੇਜੇ ਜਾ ਰਹੇ ਸਨ ਤੇ ਜਦ ਇਹ ਪ੍ਰਤੀਨਿਧੀ ਇਕ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਦਲਜੀਤ ਕੌਰ ਨਾਲ ਡਾ. ਚਰਨਜੀਤ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਦੱਸਿਆ ਕਿ ਬੀ. ਪੀ. ਚੈੱਕ ਕਰਨ ਵਾਲੀ ਮਸ਼ੀਨ ਐਮਰਜੈਂਸੀ ਡਾਕਟਰ ਕੋਲ ਐੱਮ. ਸੀ. ਐੱਚ. ਸੈਂਟਰ 'ਚ ਮੌਜੂਦ ਹੈ ਤੇ ਤੁਸੀ ਉਥੋਂ ਬੀ. ਪੀ. ਚੈੱਕ ਕਰਵਾ ਕੇ ਆਓ, ਫਿਰ ਮੈਂ ਦਵਾਈ ਲਿਖ ਦੇਵਾਂਗਾ। ਜਦੋਂ ਮਰੀਜ਼ ਐਮਰਜੈਂਸੀ ਵਾਰਡ 'ਚ ਪੁੱਜੇ ਤਾਂ ਉਥੇ ਡਿਊਟੀ 'ਤੇ ਮੌਜੂਦ ਸਿਸਟਰ ਨੇ ਦੱਸਿਆ ਕਿ ਹਸਪਤਾਲ ਦੇ ਐੱਮ. ਸੀ. ਐੱਚ. ਸੈਂਟਰ 'ਚ ਤਿੰਨ ਡਲਿਵਰੀ ਦੇ ਕੇਸ ਆਏ ਹੋਏ ਹਨ ਇਸ ਲਈ ਬੀ. ਪੀ. ਵਾਲੀ ਮਸ਼ੀਨ ਵੀ ਉਥੇ ਗਰਭਵਤੀ ਮਰੀਜ਼ਾਂ ਦੇ ਚੈੱਕਅਪ ਲਈ ਐਮਰਜੈਂਸੀ ਰੂਮ 'ਚ ਰੱਖੀ ਹੋਈ ਹੈ। ਅਖੀਰ 20-25 ਮਿੰਟ ਉਡੀਕ ਕਰਨ ਤੋਂ ਬਾਅਦ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ ਬਿਨ੍ਹਾਂ ਕੋਈ ਚੈੱਕਅਪ ਕਰਵਾਏ ਨਿਰਾਸ਼ ਸਿਵਲ ਹਸਪਤਾਲ ਤੋਂ ਪਰਤੇ।
ਕੀ ਕਹਿੰਦੇ ਹਨ ਐੱਸ. ਐੱਮ. ਓ.
ਇਸ ਸੰਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਡਾਕਟਰਾਂ ਤੇ ਹੋਰ ਸਟਾਫ ਦੀ ਭਾਰੀ ਘਾਟ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਅਚਨਚੇਤ ਹੀ ਡਬਲ ਡਿਊਟੀ ਕਰਨ ਵਾਲੇ ਡਾਕਟਰ ਛੁੱਟੀ 'ਤੇ ਸਨ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚ ਬੀ. ਪੀ. ਚੈੱਕ ਕਰਨ ਵਾਲੀਆਂ 6 ਮਸ਼ੀਨਾਂ ਹਨ ਪਰ ਫਿਰ ਵੀ ਜੇਕਰ ਐਮਰਜੈਂਸੀ 'ਚ ਮਰੀਜ਼ਾਂ ਦਾ ਬੀ. ਪੀ. ਚੈੱਕ ਨਹੀਂ ਹੋ ਸਕਿਆ ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਵੀ 24 ਸਤੰਬਰ ਤਕ ਛੁੱਟੀ 'ਤੇ ਹਨ ਤੇ ਆ ਕੇ ਸਾਰਾ ਸਿਸਟਮ ਠੀਕ ਕਰਨਗੇ।


Related News