ਸ੍ਰੀ ਅਮਰਨਾਥ ਯਾਤਰਾ ਦਾ ਮੈਡੀਕਲ, ਡੋਪ ਟੈਸਟ ਤੇ ਹੋਰ ਸਰਟੀਫਿਕੇਟ 31 ਮਾਰਚ ਤੱਕ ਬੰਦ
Friday, Mar 20, 2020 - 02:16 PM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ 'ਚ ਆਮ ਕਰ ਕੇ ਡੋਪ ਟੈਸਟ, ਸ਼੍ਰੀ ਅਮਰਨਾਥ ਯਾਤਰਾ ਸਬੰਧੀ ਮੈਡੀਕਲ ਅਤੇ ਹੋਰ ਸਰਟੀਫਿਕੇਟ ਦੇ ਸਬੰਧ ਵਿਚ ਕਾਫੀ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਜਿਹੇ ਵਿਚ ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਆਉਂਦਾ ਹੈ ਤਾਂ ਕਈ ਵਿਅਕਤੀਆਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਸ ਲਈ ਡੀ. ਸੀ. ਅੱਗਰਵਾਲ ਨੇ ਸਿਵਲ ਹਸਪਤਾਲ ਵਿਚ ਡੋਪ ਟੈਸਟ, ਮੈਡੀਕਲ ਅਤੇ ਅਪਾਹਜਤਾ ਸਰਟੀਫਿਕੇਟ ਦਾ ਕੰਮ 31 ਮਾਰਚ ਤੱਕ ਬੰਦ ਕਰ ਦਿੱਤਾ ਹੈ।
ਡੀ. ਸੀ. ਦਾ ਕਹਿਣਾ ਹੈ ਕਿ ਕੋਰੋਨਾ ਵਾਇਰ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੋ ਰਹੇ ਹਨ ਜੋ ਕਿ ਲੋਕਾਂ ਵਿਚ ਹੋਰ ਜ਼ਿਆਦਾ ਡਰ ਪੈਦਾ ਕਰ ਰਹੇ ਹਨ। ਇਕ ਪ੍ਰੋਸ ਨੋਟ ਜਾਰੀ ਕਰ ਕੇ ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਉੱਡ ਰਹੀਆਂ ਅਜਿਹੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ। ਲੁਧਿਆਣਾ ਜ਼ਿਲੇ ਵਿਚ ਹੁਣ ਤੱਕ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਆਇਆ। ਹੁਣ ਤੱਕ 13 ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਕ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਹਾਲਾਤ ਕਾਬੂ ਵਿਚ ਹਨ। ਸਾਰੇ ਆਈਸੋਲੇਸ਼ਨ ਵਾਰਡਾਂ ਨੂੰ ਹਰ ਸਹੂਲਤ ਨਾਲ ਲੈਸ ਕੀਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਦਫਤਰ ਵਿਚ ਜਿਥੇ ਜ਼ਿਆਦਾ ਲੋਕਾਂ ਦਾ ਆਉਣਾ-ਜਾਣਾ ਹੈ, ਉਥੇ ਸੈਨੀਟਾਈਜ਼ਰ ਦੀ ਵਰਤੋਂ ਜ਼ਰੂਰੀ ਕਰ ਦਿੱਤੀ ਗਈ ਹੈ।
ਸਿਵਲ ਹਸਪਤਾਲ 'ਚ ਵੀਰਵਾਰ ਨੂੰ ਆਏ ਸ਼ੱਕੀ ਮਰੀਜ਼
ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਸ਼ੱਕੀ ਮਰੀਜ਼ ਆਏ ਹਨ। ਸਵੇਰ ਸਮੇਂ ਫਲੂ ਕਾਰਨਰ ਵਿਚ ਇਕ ਵਿਅਕਤੀ ਖੁਦ ਦਾ ਚੈੱਕਅਪ ਕਰਵਾਉਣ ਆਇਆ ਸੀ। ਉਸ ਨੂੰ ਜ਼ੁਕਾਮ, ਖਾਂਸੀ ਅਤੇ ਬੁਖਾਰ ਸੀ। ਇਸ ਲਈ ਅਹਿਤਿਆਤ ਵਜੋਂ ਡਾਕਟਰਾਂ ਨੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਹੈ ਅਤੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਹੈ। ਇਸ ਤੋਂ ਇਲਾਵਾ ਕਈ ਹੋਰ ਵੀ ਸ਼ੱਕੀ ਵਿਅਕਤੀ ਆਈਸੋਲੇਸ਼ਨ ਵਾਰਡ ਵਿਚ ਆਏ ਹਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਪੁਸ਼ਟੀ ਨਹੀਂ ਕਰ ਰਿਹਾ।