ਸਿਵਲ ਹਸਪਤਾਲ ’ਚ ਬਿਜਲੀ-ਪਾਣੀ ਬੰਦ, ਮਰੀਜ਼ ਪ੍ਰੇਸ਼ਾਨ
Thursday, Jun 21, 2018 - 12:47 AM (IST)

ਫ਼ਿਰੋਜ਼ਪੁਰ(ਕੁਲਦੀਪ)-ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਦਾ ਮੂੰਹ ਖੇਤੀ ਸੈਕਟਰ ਵੱਲ ਮੋਡ਼ ਦਿੱਤਾ ਹੈ। ਉਥੇ ਆਮ ਜਨਤਾ ਦੇ ਨਾਲ-ਨਾਲ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਦਾਖਲ ਮਰੀਜ਼ ਵੀ ਪ੍ਰਭਾਵਿਤ ਹੋਏ ਹਨ। ਸਿਵਲ ਹਸਪਤਾਲ ਵਿਖੇ ਦੌਰੇ ਦੌਰਾਨ ਮੇਲ ਸਰਜੀਕਲ ਵਾਰਡ ’ਚ ਦਾਖਲ ਮਰੀਜ਼ਾਂ ’ਚੋਂ ਹਰਮਨ, ਵੀਰਪਾਲ ਕੌਰ ਤੇ ਜਸਪਾਲ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਬਿਜਲੀ ਬੰਦ ਹੈ। ਇਸ ਦੇ ਨਾਲ ਹੀ ਇੱਥੇ ਆਏ ਨਵਦੀਪ ਸਿੰਘ ਨੇ ਦੱਸਿਆ ਕਿ ਵਾਸ਼ਰੂਮ ਦੀਅਾਂ ਟੂਟੀਅਾਂ ’ਚ ਪਾਣੀ ਦੀ ਸਪਲਾਈ ਵੀ ਨਹੀਂ ਆ ਰਹੀ । ਜਿਸ ਕਾਰਨ ਪ੍ਰੇਸ਼ਾਨੀ ਹੋਰ ਵੀ ਵੱਡੀ ਬਣ ਗਈ ਹੈ। ਜਿੱਥੇ ਨਿੱਤ ਵਰਤੋਂ ਦੀਅਾਂ ਲੋਡ਼ਾਂ ਲਈ ਪਾਣੀ ਨਹੀਂ ਮਿਲ ਰਿਹਾ ਉਥੇ ਪੀਣ ਲਈ ਪਾਣੀ ਵੀ ਬਾਹਰੋਂ ਲਿਆਉਣਾ ਪੈ ਰਿਹਾ ਹੈ ।ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਗੁਰਮੇਜ ਰਾਮ ਗੋਰਾਇਆ ਨੇ ਦੱਸਿਆ ਕਿ ਮੇਰੇ ਧਿਆਨ ’ਚ ਹੁਣ ਆਇਆ ਹੈ। ਇਸ ਦਾ ਹੱਲ ਹੁਣੇ ਹੀ ਕਰ ਦਿੱਤਾ ਜਾਵੇਗਾ । ਇਹ ਵੀ ਪਤਾ ਲੱਗਾ ਕਿ ਹਸਪਤਾਲ ਦੇ ਓ. ਪੀ. ਡੀ. ਨਾਲ ਸਬੰਧਿਤ ਖੇਤਰ ’ਚ ਜਰਨੇਟਰ ਰਾਹੀਂ ਸਪਲਾਈ ਦਿੱਤੀ ਜਾ ਰਹੀ ਸੀ। ਜਿਸ ਨਾਲ ਡਾਕਟਰਾਂ ਦੇ ਕਮਰਿਅਾਂ ’ਚ ਸਪਲਾਈ ਚਲ ਰਹੀ ਸੀ ਤੇ ਵਾਰਡਾਂ ’ਚ ਜਰਨੇਟਰ ਦੀ ਸਪਲਾਈ ਦੀ ਵਿਵਸਥਾ ਨਹੀਂ ਸੀ। ਮਰੀਜ਼ਾ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਹਲ ਕੀਤਾ ਜਾਵੇ ।