ਸਿਵਲ ਹਸਪਤਾਲ ਦੀ ਲੈਬਾਰਟਰੀ ਬੰਦ, ਮਰੀਜ਼ ਪ੍ਰੇਸ਼ਾਨ

Tuesday, Jan 30, 2018 - 12:01 AM (IST)

ਸਿਵਲ ਹਸਪਤਾਲ ਦੀ ਲੈਬਾਰਟਰੀ ਬੰਦ, ਮਰੀਜ਼ ਪ੍ਰੇਸ਼ਾਨ

ਗੁਰੂਹਰਸਹਾਏ(ਆਵਲਾ)-ਸਿਵਲ ਹਸਪਤਾਲ ਗੁਰੂਹਰਸਹਾਏ 'ਚ ਟੈਸਟਾਂ ਦੇ ਨਾਂ 'ਤੇ ਹੋ ਰਹੀ ਲੁੱਟ ਨਾਲ ਗਰੀਬ ਮਰੀਜ਼ਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਸਪਤਾਲ ਦੀ ਸਰਕਾਰੀ ਲੈਬਾਰਟਰੀ 'ਚ ਟੈਸਟ ਨਾ ਹੋਣ ਕਰਕੇ ਹਸਪਤਾਲ ਦੇ ਬਾਹਰ ਬਣੀਆਂ ਪ੍ਰਾਈਵੇਟ ਲੈਬਾਰਟਰੀਆਂ 'ਚ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਭੇਜਿਆ ਜਾਂਦਾ ਹੈ ਤੇ ਜ਼ਿਆਦਾਤਰ ਦਵਾਈਆਂ ਵੀ ਹਸਪਤਾਲ 'ਚੋਂ ਨਾ ਦੇ ਕੇ ਬਾਹਰੋਂ ਲਿਆਉਣ ਦੀ ਪਰਚੀ ਲਿਖੀ ਜਾਂਦੀ ਹੈ। ਹਸਪਤਾਲ 'ਚ ਮਹਿਲਾ ਡਾਕਟਰ ਨਾਲ ਬੈਠਣ ਵਾਲੀ ਸਟਾਫ ਨਰਸ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਅਕਸਰ ਕਹਿੰਦੀ ਰਹਿੰਦੀ ਹੈ ਤੇ ਗਰੀਬ ਮਰੀਜ਼ ਜੇਕਰ ਇਸ ਸਬੰਧੀ ਐੱਸ. ਐੱਮ. ਓ. ਕੋਲ ਕੋਈ ਗੱਲ ਕਰਦੇ ਹਨ ਤਾਂ ਉਹ ਅੱਗੋਂ ਬੁਰਾ ਭਲਾ ਬੋਲਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਦਵਾਈ ਨਹੀਂ ਲੈ ਸਕਦੇ ਤਾਂ ਇਲਾਜ ਨਾ ਕਰਵਾਉ, ਜਿਸ ਕਾਰਨ ਗਰੀਬ ਮਰੀਜ਼ ਸਰਕਾਰੀ ਹਸਪਤਾਲ 'ਚ ਆ ਕੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੁੰਦੇ ਹਨ। ਅੱਜ ਜਦ ਪੱਤਰਕਾਰਾਂ ਦੀ ਟੀਮ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਉਥੇ ਲੈਬਾਰਟਰੀ ਬੰਦ ਸੀ, ਜਿਸ ਸਬੰਧੀ ਲੈਬ. ਇੰਚਾਰਜ ਅਜੇ ਕੱਕੜ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਰਾਜੇਸ਼ ਕੁਮਾਰ ਨੇ ਸਾਡੀ ਡਿਊਟੀ ਪਲਸ ਪੋਲੀਓ ਮੁਹਿੰਮ 'ਚ ਲਾਈ ਹੈ। ਇਸ ਲਈ ਤਿੰਨ ਦਿਨਾਂ ਤੱਕ ਲੈਬ. ਬੰਦ ਰਹੇਗੀ। ਇਸ ਸਬੰਧੀ ਐੱਸ. ਐੱਮ. ਓ. ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਤੁਹਾਡੇ ਤੋਂ ਜੋ ਹੁੰਦਾ ਹੈ, ਕਰ ਲਓ, ਹਸਪਤਾਲ 'ਚ ਸਭ ਕੁਝ ਇਸੇ ਤਰ੍ਹਾਂ ਚੱਲੇਗਾ, ਮੈਂ ਕਿਸੇ ਤੋਂ ਨਹੀਂ ਡਰਦਾ। 
ਕੀ ਕਹਿੰਦੇ ਹਨ ਸਮਾਜ ਸੇਵੀ ਤੇ ਲੋਕ  
ਉਧਰ ਸਮਾਜ ਸੇਵੀ ਸੰਸਥਾਵਾਂ ਦੇ ਅਗੂਆਂ ਤੇ ਆਮ ਲੋਕਾਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ 'ਚ ਹੋ ਰਹੀ ਮਰੀਜ਼ਾਂ ਦੀ ਲੁੱਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਮਰੀਜ਼ਾਂ ਨੂੰ ਲੁੱਟਣ ਵਾਲੇ ਡਾਕਟਰਾਂ, ਲੈਬ. ਇੰਚਾਰਜ ਤੇ ਹੋਰ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅਗਲੇ ਸਮੇਂ ਤੋਂ ਗਰੀਬ ਮਰੀਜ਼ ਲੁੱਟ ਤੋਂ ਬਚ ਸਕਣ।


Related News