ਸੰਗਰੂਰ ਜ਼ਿਲੇ ਨੂੰ ਕਲੀਨ, ਗ੍ਰੀਨ ਤੇ ਹੈਲਦੀ ਰੱਖਣ ਦੇ ਨਾਅਰੇ ਹੇਠ ਸਾਈਕਲ ਰੈਲੀ ਕੱਢੀ
Sunday, Dec 03, 2017 - 01:48 PM (IST)
ਸੰਗਰੂਰ (ਰਾਜੇਸ਼, ਹਨੀ ਕੋਹਲੀ) — ਜ਼ਿਲਾ ਸੰਗਰੂਰ ਦਾ ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਜਿਥੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਨੂੰ ਨਿਭਾ ਰਿਹਾ ਹੈ, ਉਥੇ ਹੀ ਸਭ ਤੋਂ ਚੰਗਾ ਪਹਿਲੂ ਇਹ ਹੈ ਕਿ ਇਸ ਦੇ ਨਾਲ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਉਣ 'ਚ ਮਸ਼ਰੂਫ ਹੈ। ਇਹ ਹੀ ਵਜ੍ਹਾ ਹੈ ਕਿ ਉਹ ਜ਼ਿਲਾ ਸੰਗਰੂਰ ਨੂੰ ਕਲੀਨ, ਗ੍ਰੀਨ ਤੇ ਹੈਲਦੀ ਬਨਾਉਣ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਅੱਜ ਵੀ ਜ਼ਿਲਾ ਸੰਗਰੂਰ ਦੇ ਸਿਵਲ ਤੇ ਪੁਲਸ ਪ੍ਰਸ਼ਾਸਨ ਵਲੋਂ ਜ਼ਿਲੇ ਦੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਸੰਗਰੂਰ 'ਚ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਜ਼ਿਲੇ ਦੇ 500 ਦੇ ਕਰੀਬ ਸਾਈਕਲਿਸਟਾਂ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਜ਼ਿਲੇ ਨੂੰ ਪ੍ਰਦੂਸ਼ਣ ਰਹਿਤ ਰੱਖਣ ਦਾ ਸੁਨੇਹਾ ਦਿੱਤਾ। ਕਰੀਬ 25 ਤੋਂ 30 ਕਿਲੋਮੀਟਰ ਲੰਮੀ ਇਸ ਸਾਈਕਲ ਰੈਲੀ 'ਚ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰਵਾਸੀਆਂ ਤੇ ਉਥੋ ਤਕ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਸ. ਐੱਸ. ਪੀ. ਤੇ ਦੂਜੇ ਅਧਿਕਾਰੀਆਂ ਸਮੇਤ ਉਨ੍ਹਾਂ ਦੀਆਂ ਪਤਨੀਆਂ ਵੀ ਸਾਈਕਲ ਚਲਾਉਂਦੀਆਂ ਨਜ਼ਰ ਆਈਆਂ।
ਇਸ ਮੌਕੇ ਸਾਈਕਲ 'ਚ ਸ਼ਾਮਲ ਹੋਏ ਅਧਿਕਾਰੀਆਂ ਤੇ ਉਨ੍ਹਾਂ ਦੀਆਂ ਪਤਨੀਆਂ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਸਿਹਤਮੰਦ ਸਮਾਜ ਦੀ ਸਿਰਜਨਾ ਦੇ ਲਈ ਜ਼ਿਲੇ ਨੂੰ ਪ੍ਰਦੂਸ਼ਤ ਰਹਿਤ ਵਾਤਾਵਰਨ ਬਨਾਉਣ ਦਾ ਸੁਨੇਹਾ ਦੇਣਾ ਸੀ ਤੇ ਅਜਿਹੀਆਂ ਰੈਲੀਆਂ ਹਰ ਤਿੰਨ ਮਹੀਨੇ 'ਚ ਇਕ ਵਾਰ ਜ਼ਰੂਰ ਕੀਤੀਆਂ ਜਾਣਗੀਆਂ ਤਾਂਕਿ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕੇ।
