ਪੀ. ਪੀ. ਐੱਸ. ਸੀ. ਮੈਂਬਰ ਸਿੱਧੂ ਨੇ ਦਿੱਤਾ ਸ਼ਹਿਰ ਦੇ ਵਿਕਾਸ ਦਾ ਭਰੋਸਾ

Wednesday, Jul 19, 2017 - 07:29 AM (IST)

ਪੀ. ਪੀ. ਐੱਸ. ਸੀ. ਮੈਂਬਰ ਸਿੱਧੂ ਨੇ ਦਿੱਤਾ ਸ਼ਹਿਰ ਦੇ ਵਿਕਾਸ ਦਾ ਭਰੋਸਾ

ਕੋਟਕਪੂਰਾ  (ਨਰਿੰਦਰ, ਭਾਵਿਤ)  - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ ਪੁੱਤਰ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਨੇ ਪੱਤਰਕਾਰਾਂ ਨਾਲ ਕੀਤੀ ਮੀਟਿੰਗ ਵਿਚ ਸ਼ਹਿਰ ਦਾ ਚੌਤਰਫ਼ਾ ਵਿਕਾਸ ਕਰਾਏ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਪੱਤਰਕਾਰਾਂ ਕੋਲੋਂ ਸ਼ਹਿਰ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਦੀ ਢੁਕਵੀਂ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਸ਼ਹਿਰ 'ਚ ਆਵਾਜਾਈ, ਦੂਸ਼ਿਤ ਪਾਣੀ ਦੀ ਨਿਕਾਸੀ, ਸੀਵਰੇਜ ਦਾ ਕੰਮ ਅੱਧ-ਵਿਚਕਾਰ ਲਟਕਣ ਅਤੇ ਇਸ ਨੂੰ ਪਾਉਣ ਵਾਸਤੇ ਕੀਤੀ ਗਈ ਗਲੀਆਂ, ਰਸਤਿਆਂ ਦੀ ਦੁਰਦਸ਼ਾ, ਆਵਾਰਾ ਪਸ਼ੂਆਂ ਦੀ ਸਮੱਸਿਆ ਆਦਿ ਪ੍ਰਤੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਇਆ ਜਾਵੇਗਾ। ਉਨ੍ਹਾਂ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਰਿੰਗ ਰੋਡ, ਪਾਣੀ ਦੀ ਨਿਕਾਸੀ ਲਈ ਮਾਸਟਰ ਪਲਾਨ ਕਰਨ ਦੇ ਨੁਕਤੇ ਸਾਂਝੇ ਕੀਤੇ।
ਉਨ੍ਹਾਂ ਇਹ ਵੀ ਮੰਨਿਆ ਕਿ ਪਹਿਲਾਂ ਜੋ ਸ਼ਹਿਰ 'ਚ ਗਲੀਆਂ-ਨਾਲੀਆਂ ਬਣਾਈਆਂ ਗਈਆਂ ਹਨ, ਉਹ ਉਚਿਤ ਯੋਜਨਾਬੰਦੀ ਦੀ ਬਜਾਏ ਸਿਰਫ ਰਾਜਸੀ ਮਨਸ਼ੇ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਲਾਕੇ ਦੀ ਸੇਵਾ ਕਰਨ ਦੀ ਮਨਸ਼ਾ ਨਾਲ ਕੋਟਕਪੂਰਾ ਵਿਧਾਨ ਸਭਾ ਹਲਕੇ 'ਚ ਆਇਆ ਹੈ ਤੇ ਜਨਤਕ ਤੌਰ 'ਤੇ ਜ਼ਿਆਦਾ ਵਿਚਰਨ ਲਈ ਇਥੇ ਦਫ਼ਤਰ ਬਣਾਉਣ ਤੋਂ ਇਲਾਵਾ ਛੇਤੀ ਹੀ ਲੋਕਾਂ ਨਾਲ ਨੇੜਿਓਂ ਜੁੜਨ ਲਈ ਪੱਕੀ ਰਿਹਾਇਸ਼ ਵੀ ਬਣਾਈ ਜਾਵੇਗੀ। ਇਸ ਮੌਕੇ ਓਮਕਾਰ ਗੋਇਲ, ਮਾ. ਹਰਨਾਮ ਸਿੰਘ, ਹਰਦੀਪ ਸਿੰਘ ਕਟਾਰੀਆ, ਯੁਧਵੀਰ ਸਿੰਘ ਸੰਧੂ, ਕ੍ਰਿਸ਼ਨ ਕੁਮਾਰ ਗੋਇਲ ਤੇ ਕੁਲਦੀਪ ਸਿੰਘ ਕਲੇਰ ਹਾਜ਼ਰ ਸਨ।


Related News