ਬਿਜਲੀ ਦੇ ਵੱਡੇ ਕੱਟਾਂ ਨਾਲ ਸ਼ਹਿਰ ਵਾਸੀ ਪਰੇਸ਼ਾਨ
Sunday, Feb 01, 2026 - 11:44 AM (IST)
ਜ਼ੀਰਾ (ਅਕਾਲੀਆਂਵਾਲਾ) : ਸ਼ਹਿਰ ’ਚ ਲਗਾਤਾਰ ਲੱਗ ਰਹੇ ਬਿਜਲੀ ਦੇ ਵੱਡੇ ਕੱਟਾਂ ਨੂੰ ਲੈ ਕੇ ਕਾਰੋਬਾਰੀ ਰਾਜੀਵ ਜੈਨ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਨਾ ਸਿਰਫ ਵਪਾਰੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਸਗੋਂ ਆਮ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ।
ਰਾਜੀਵ ਜੈਨ ਨੇ ਦੱਸਿਆ ਕਿ ਦਿਨ ਦੇ ਸਮੇਂ ਵੀ ਕਈ-ਕਈ ਘੰਟਿਆਂ ਲਈ ਬਿਜਲੀ ਗਾਇਬ ਰਹਿੰਦੀ ਹੈ, ਜਿਸ ਨਾਲ ਦੁਕਾਨਾਂ, ਕਾਰਖਾਨਿਆਂ ਅਤੇ ਦਫ਼ਤਰਾਂ ਦਾ ਕੰਮ ਠੱਪ ਹੋ ਜਾਂਦਾ ਹੈ। ਖਾਸ ਕਰ ਕੇ ਛੋਟੇ ਵਪਾਰੀ ਅਤੇ ਮਜ਼ਦੂਰ ਵਰਗ ਇਸ ਸਮੱਸਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਗਾਹਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਾਰੋਬਾਰ ਦੀ ਗਤੀ ਧੀਮੀ ਪੈ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਬਿਜਲੀ ਸਪਲਾਈ ਨੂੰ ਸੁਚੱਜਾ ਬਣਾਇਆ ਜਾਵੇ ਅਤੇ ਬਿਨਾਂ ਸੂਚਨਾ ਦੇ ਲੱਗ ਰਹੇ ਕੱਟਾਂ ’ਤੇ ਤੁਰੰਤ ਰੋਕ ਲਾਈ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
