ਰੇਲਵੇ ਹੈੱਡਕੁਆਰਟਰ ਤੋਂ ਆਈ ਟੀਮ ਨੇ ਸਿਟੀ ਸਟੇਸ਼ਨ ਦੇ ਸਟਾਲਾਂ ''ਤੇ ਕੀਤੀ ਚੈਕਿੰਗ

Monday, Nov 13, 2017 - 01:49 PM (IST)

ਰੇਲਵੇ ਹੈੱਡਕੁਆਰਟਰ ਤੋਂ ਆਈ ਟੀਮ ਨੇ ਸਿਟੀ ਸਟੇਸ਼ਨ ਦੇ ਸਟਾਲਾਂ ''ਤੇ ਕੀਤੀ ਚੈਕਿੰਗ

ਜਲੰਧਰ (ਗੁਲਸ਼ਨ)— ਐਤਵਾਰ ਸ਼ਾਮ ਸਿਟੀ ਰੇਲਵੇ ਸਟੇਸ਼ਨ 'ਤੇ ਰੇਲਵੇ ਹੈੱਡਕੁਆਰਟਰ ਤੋਂ ਆਈ 3 ਮੈਂਬਰੀ ਟੀਮ ਨੇ ਸਟਾਲਾਂ ਅਤੇ ਰਿਫਰੈਸ਼ਮੈਂਟ ਰੂਮ ਵਿਚ ਚੈਕਿੰਗ ਕੀਤੀ। ਉਨ੍ਹਾਂ ਨੇ ਸਟਾਲਾਂ 'ਤੇ ਵੇਚੇ ਜਾ ਰਹੇ ਖਾਣ ਵਾਲੇ ਪਦਾਰਥਾਂ, ਵੈਂਡਰਾਂ ਦੇ ਮੈਡੀਕਲ ਸਰਟੀਫਿਕੇਟ ਅਤੇ ਵਰਦੀਆਂ ਚੈੱਕ ਕੀਤੀਆਂ। ਟੀਮ ਨੇ ਸਟੇਸ਼ਨ 'ਤੇ ਘੁੰਮ ਰਹੇ ਕਈ ਵੈਂਡਰਾਂ ਤੋਂ ਵੀ ਪੁੱਛਗਿੱਛ ਕੀਤੀ। ਕੁਝ ਵੈਂਡਰਾਂ ਨੇ ਆਪਣਾ ਮੈਡੀਕਲ ਸਰਟੀਫਿਕੇਟ ਤਾਂ ਦਿਖਾਇਆ ਪਰ ਉਨ੍ਹਾਂ ਨੇ ਕਿਹਾ ਕਿ ਪਲੇਟਫਾਰਮ ਪਰਮਿਟ ਹੋਣਾ ਵੀ ਜ਼ਰੂਰੀ ਹੈ, ਜੋ ਕਿ ਤੁਹਾਡੇ ਕੋਲ ਨਹੀਂ ਹੈ। 
ਇਸ ਤੋਂ ਇਲਾਵਾ ਉਨ੍ਹਾਂ ਨੇ ਸਟਾਲਾਂ 'ਤੇ ਰੇਲ ਨੀਰ ਦੀ ਬਜਾਏ ਦੂਜੀਆਂ ਕੰਪਨੀਆਂ ਦੀਆਂ ਪਾਣੀ ਦੀਆਂ ਬੋਤਲਾਂ ਵੇਚੇ ਜਾਣ 'ਤੇ ਵੀ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਨੇ ਪਲੇਟਫਾਰਮ ਨੰਬਰ 2 'ਤੇ ਇਕ ਸਟਾਲ ਤੋਂ ਚਾਹ ਦਾ ਕੱਪ ਲਿਆ ਤਾਂ ਵੈਂਡਰ ਨੇ ਉਨ੍ਹਾਂ ਤੋਂ 10 ਰੁਪਏ ਮੰਗੇ, ਜਦਕਿ ਰੇਲਵੇ ਸਟੇਸ਼ਨ 'ਤੇ ਚਾਹ ਦੇ ਕੱਪ ਦਾ ਰੇਟ 7 ਰੁਪਏ ਮਿੱਥਿਆ ਹੈ। ਓਵਰਚਾਰਜਿੰਗ 'ਤੇ ਵੀ ਉਨ੍ਹਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਪਲੇਟਫਾਰਮ ਨੰਬਰ 2 'ਤੇ ਸਥਿਤ ਇਕ ਜੂਸ ਦੇ ਸਟਾਲ 'ਤੇ ਵੀ ਚੈਕਿੰਗ ਕੀਤੀ। ਸੂਚਨਾ ਮੁਤਾਬਕ ਚੈਕਿੰਗ ਕਰਨ ਆਈ ਟੀਮ ਨੇ ਕਿਸੇ ਨੂੰ ਵੀ ਜੁਰਮਾਨਾ ਨਹੀਂ ਕੀਤਾ ਪਰ ਚੈਕਿੰਗ ਦੀ ਰਿਪੋਰਟ ਬਣਾ ਲਈ ਹੈ, ਜਿਸ ਨੂੰ ਉਹ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ। ਚੈਕਿੰਗ ਟੀਮ ਰਾਤ ਕਰੀਬ 9 ਵਜੇ ਸਿਟੀ ਸਟੇਸ਼ਨ ਤੋਂ ਕਟਿਹਾਰ ਐਕਸਪ੍ਰੈੱਸ 'ਚ ਸਵਾਰ ਹੋ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ।


Related News