ਨਵੀਂ ਬਣੀ ਸੜਕ ''ਤੇ ''ਪੁੱਠੇ ਕੂੜਾਦਾਨ'' ਨਾਲ ਤੁਹਾਡਾ ਸਵਾਗਤ ਹੈ...!

07/24/2017 7:57:23 AM

ਸਮਰਾਲਾ  (ਗਰਗ, ਬੰਗੜ) - ਸਮਰਾਲਾ ਤੋਂ ਖੰਨਾ ਨੂੰ ਜਾਣ ਵਾਲੀ ਸੜਕ ਨੂੰ ਪਹਿਲਾਂ ਹੀ ਖੂਨੀ ਸੜਕ ਵਜੋਂ ਜਾਣਿਆ ਜਾਂਦਾ ਰਿਹਾ ਹੈ, ਜਿਸਦੇ ਸ਼ਹਿਰ ਵਿਚਲੇ ਹਿੱਸੇ ਨੂੰ ਪੱਕਾ ਕਰਵਾਉਣ ਲਈ ਸਮਾਜਸੇਵੀ ਸੰਸਥਾਵਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਧਰਨੇ ਦਿੱਤੇ ਗਏ ਸਨ।  ਇਸ ਤੋਂ ਬਾਅਦ ਸਵਾ ਕਰੋੜ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਾ ਕੇ ਸੜਕ ਨੂੰ ਨਵੀਂ ਦਿੱਖ ਦੇ ਦਿੱਤੀ ਗਈ ਸੀ ਪਰ ਅੱਜ ਇਸ ਸੜਕ 'ਤੇ ਨਗਰ ਕੌਂਸਲ ਦਾ ਸੀਵਰੇਜ ਹੋਲ ਆਪਣੀਆਂ ਢਿੱਗਾਂ ਸੁੱਟ ਚੁੱਕਾ ਹੈ, ਜਿਸ ਕਾਰਨ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋਵੇਗੀ।  ਨਗਰ ਕੌਂਸਲ ਸਮਰਾਲਾ ਵਲੋਂ ਸੀਵਰੇਜ ਹੋਲ ਦੀਆਂ ਕੰਧਾਂ ਦੀ ਉਸਾਰੀ ਕਰਨ ਦੀ ਥਾਂ ਇਸ ਨੁਕਸਾਨੇ ਗਏ ਹੋਲ ਉਪਰ ਲੋਹੇ ਦਾ ਕੂੜਾਦਾਨ ਮੂਧਾ ਮਾਰ ਕੇ ਰੱਖ ਦਿੱਤਾ ਗਿਆ ਹੈ। ਦੋ ਹਫਤਿਆਂ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਕਰੋੜਾਂ ਦੀ ਲਾਗਤ ਨਾਲ ਬਣੀ ਨਵੀਂ-ਨਕੋਰ ਸੜਕ 'ਤੇ ਰਾਹਗੀਰਾਂ ਨੂੰ ਪੁੱਠੇ ਕੂੜਾਦਾਨ ਰਾਹੀਂ ਸਵਾਗਤ ਕਰਨ ਦਾ ਸਿਲਸਿਲਾ ਜਾਰੀ ਹੈ।
ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਪਹਿਲਾਂ ਹੀ ਖੰਨਾ ਰੋਡ ਕਈ ਵਿਅਕਤੀਆਂ ਨੂੰ ਹਾਦਸਿਆਂ 'ਚ ਜ਼ਖਮੀ ਕਰ ਚੁੱਕੀ ਹੈ ਤੇ ਕਈ ਇਨਸਾਨੀ ਜਾਨਾਂ ਵੀ ਲੈ ਚੁੱਕੀ ਹੈ ਪਰ ਹੁਣ ਨਵੀਂ ਸੜਕ 'ਤੇ ਰੱਖੇ ਇਸ ਕੂੜਾਦਾਨ ਨਾਲ ਕਿਸੇ ਵੀ ਸਮੇਂ ਕੋਈ ਭਿਆਨਕ ਸੜਕ ਹਾਦਸਾ ਵਾਪਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੌਂਸਲ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਸੀਵਰੇਜ ਹੋਲ ਦੀ ਮੁਰੰਮਤ ਕਰਕੇ ਸੰਭਾਵੀ ਖਤਰੇ ਨੂੰ ਟਾਲਿਆ ਜਾਵੇ।


Related News