ਸ਼ਹਿਰ ਦੇ ਬਾਜ਼ਾਰਾਂ ਤੇ ਚੌਕਾਂ ’ਚ ਗੰਦਗੀ ਦੇ ਲੱਗੇ ਢੇਰ
Monday, Jul 23, 2018 - 08:11 AM (IST)

ਫਰੀਦਕੋਟ (ਹਾਲੀ) - ਸ਼ਹਿਰ ਦੀਆਂ ਟੁੱਟੀਆਂ ਸਡ਼ਕਾਂ, ਆਵਾਰਾ ਫਿਰਦੇ ਪਸ਼ੂ ਅਤੇ ਮੁਹੱਲਿਆਂ ਅਤੇ ਚੌਕਾਂ ਵਿਖੇ ਪਏ ਵੱਡੇ-ਵੱਡੇ ਗੰਦਗੀ ਦੇ ਢੇਰਾਂ ਨੂੰ ਆਮ ਵੇਖਿਆ ਜਾ ਸਕਦਾ ਹੈ। ਸ਼ਹਿਰ ਦੀਆਂ ਲਗਭਗ ਸਡ਼ਕਾਂ ਦਾ ਜਿੱਥੇ ਬੁਰਾ ਹਾਲ ਹੈ, ਉੱਥੇ ਬਾਜੀਗਰ ਬਸਤੀ ਦੇ ਨਿਵਾਸੀਆਂ ਲਈ ਟੁੱਟੀ ਹੋਈ ਮੇਨ ਸਡ਼ਕ ਅਤੇ ਹਮੇਸ਼ਾ ਗੰਦਗੀ ਨਾਲ ਭਰਿਆ ਗੰਦਾ ਖੁੱਲ੍ਹਾ ਨਾਲਾ ਸਰਾਪ ਬਣ ਕੇ ਰਹਿ ਗਿਆ ਹੈ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵਲੋਂ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਖੇ ਭੇਜਣ ਲਈ ਉਪਰਾਲੇ ਤਾਂ ਕੀਤੇ ਜਾ ਰਹੇ ਹਨ ਪਰ ਜਿੰਨੇ ਉਪਰਾਲੇ ਹੋਣੇ ਚਾਹੀਦੇ ਹਨ, ਉਹ ਨਾ ਮਾਤਰ ਹਨ। ਇਸ ਤੋਂ ਇਲਾਵਾ ਗੰਦਗੀ ਦੇ ਢੇਰਾਂ ਨੂੰ ਅੱਜ ਕੱਲ ਸ਼ਹਿਰ ਦੇ ਹਰ ਮੁਹੱਲਿਆਂ ਅਤੇ ਚੌਂਕਾਂ ਵਿਖੇ ਆਮ ਵੇਖਿਆ ਜਾ ਸਕਦਾ ਹੈ। ਸ਼ਹਿਰ ਵਿਖੇ ਪਏ ਗੰਦਗੀ ਦੇ ਵੱਡੇ ਢੇਰਾਂ ਸਬੰਧੀ ਜਦ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਵੀਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਫਾਈ ਸੇਵਕਾਂ ਦੀ ਪਹਿਲਾਂ ਤਾਂ 2 ਰੋਜਾ ਪੰਜਾਬ ਭਰ ਵਿਚ ਹਡ਼ਤਾਲ ਚੱਲ ਰਹੀ ਸੀ ਪਰ ਹੁਣ ਸਰਕਾਰ ਵਲੋਂ ਸਬੰਧਿਤ ਸਫਾਈ ਦੇ ਠੇਕੇਦਾਰਾਂ ਨੂੰ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸਬੰਧਿਤ ਠੇਕੇਦਾਰਾਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਅਜੇ ਤੱਕ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਸਫਾਈ ਦੇ ਢੇਰ ਲੱਗੇ ਹੋਏ ਹਨ।