30 ਲੱਖ ਵਸੂਲਣ ਦੇ ਦੋਸ਼ 'ਚ ਕਾਂਗਰਸੀ ਵਿਧਾਇਕ ਦੇ ਪੀ.ਏ. ਅਤੇ ਇੰਸਪੈਕਟਰ 'ਤੇ ਕੇਸ ਦਰਜ
Friday, Nov 29, 2019 - 03:51 PM (IST)

ਪਟਿਆਲਾ (ਬਲਜਿੰਦਰ): ਇਕ ਮਹੀਨਾ ਪਹਿਲਾਂ ਰਾਜਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਬਠਿੰਡਾ ਅਤੇ ਉਸ ਦੇ ਰਿਸ਼ੇਤਦਾਰ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰੱਖ ਕੇ ਉਸ 'ਤੇ ਐੱਨ. ਡੀ. ਪੀ. ਐੱਸ. ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ 30 ਲੱਖ ਰੁਪਏ ਲੈਣ ਦੇ ਮਾਮਲੇ ਵਿਚ ਇਕ ਕਾਂਗਰਸੀ ਵਿਧਾਇਕ ਦੇ ਅਤਿ ਨਜ਼ਦੀਕੀ ਦੱਸੇ ਜਾਣ ਵਾਲੇ ਜੋਨੀ ਮਿੱਤਲ, ਉਸ ਸਮੇਂ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਇੰਸ. ਵਿਜੇ ਕੁਮਾਰ ਅਤੇ ਰੇਡ ਵਿਚ ਸ਼ਾਮਲ ਇਕ ਅਣਪਛਾਤੇ ਪੁਲਸ ਮੁਲਾਜ਼ਮ ਖਿਲਾਫ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਐੱਸ. ਐੱਸ. ਪੀ. ਪਟਿਆਲਾ ਨੂੰ ਪੀੜਤ ਰਾਜਵਿੰਦਰ ਪਾਲ ਨੇ ਸ਼ਿਕਾਇਤ ਦਿੱਤੀ ਸੀ ਕਿ 18 ਅਕਤੂਬਰ 2019 ਨੂੰ ਉਹ ਆਪਣੇ ਰਿਸ਼ਤੇਦਾਰ ਸੁਰੇਸ਼ ਕੁਮਾਰ ਦੇ ਘਰ ਧਾਮੋਮਾਜਰਾ ਪਟਿਆਲਾ ਵਿਖੇ ਸੀ। ਸ਼ਾਮ 7 ਵਜੇ ਸੀ. ਆਈ. ਏ. ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਪੁਲਸ ਪਾਰਟੀ ਸਮੇਤ ਉਥੇ ਰੇਡ ਕਰ ਦਿੱਤੀ। ਉਨ੍ਹਾਂ ਨੂੰ ਕੋਈ ਸਰਚ ਵਾਰੰਟ ਨਹੀਂ ਦਿਖਾਇਆ ਗਿਆ। ਰੇਡ ਤੋਂ ਬਾਅਦ ਰਾਜਵਿੰਦਰ ਪਾਲ, ਉਸ ਦੇ ਰਿਸ਼ੇਤਦਾਰ ਸੁਰੇਸ਼ ਕੁਮਾਰ ਅਤੇ ਉਨ੍ਹਾਂ ਦੇ ਨੌਕਰ ਨੂੰ ਉਹ ਸੀ. ਆਈ. ਏ. ਸਟਾਫ ਸਮਾਣਾ ਲੈ ਗਏ। ਉਨ੍ਹਾਂ ਦੇ ਘਰੋਂ ਕੋਈ ਬਰਾਮਦਗੀ ਨਹੀਂ ਹੋਈ। ਜਾਂਦੇ ਹੋਏ ਸੋਨੇ ਦੇ ਗਹਿਣੇ ਅਤੇ ਘਰ ਦਾ ਕਾਫੀ ਸਾਮਾਨ ਵੀ ਲੈ ਗਏ। ਇੰਸ. ਵਿਜੇ ਕੁਮਾਰ ਨੇ ਉਨ੍ਹਾਂ ਦੀ ਕਾਫੀ ਕੁੱਟ-ਮਾਰ ਕੀਤੀ। ਉਨ੍ਹਾਂ ਦੇ ਮੋਬਾਇਲ ਫੋਨ ਖੋਹ ਕੇ ਬੰਦ ਕਰਵਾ ਦਿੱਤੇ। ਇੰਸ. ਵਿਜੇ ਕੁਮਾਰ ਅਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਡਰਾਇਆ ਕਿ 50 ਲੱਖ ਰੁਪਏ ਦੇ ਦਿਓ, ਨਹੀਂ ਤਾਂ ਤੁਹਾਡੇ 'ਤੇ ਐੱਨ. ਡੀ. ਪੀ. ਐੱਸ. ਦਾ ਐਨਾ ਵੱਡਾ ਕੇਸ ਦਰਜ ਕੀਤਾ ਜਾਵੇਗਾ ਕਿ ਸਾਰੀ ਉਮਰ ਜੇਲ ਵਿਚ ਸੜਦੇ ਰਹੋਗੇ ਜਾਂ ਐਨਕਾਊਂਟਰ ਕਰ ਦਿੱਤਾ ਜਾਵੇਗਾ।
ਰਾਜਵਿੰਦਰ ਪਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਤਾਂ ਬਠਿੰਡਾ ਵਿਖੇ ਮੋਬਾਇਲਾਂ ਦੀ ਦੁਕਾਨ ਹੈ। ਇੰਸ. ਵਿਜੇ ਕੁਮਾਰ ਨੇ ਫਿਰ ਉਨ੍ਹਾਂ ਨੂੰ ਕੁੱਟਿਆ। ਇਸ ਤੋਂ ਬਾਅਦ ਜੋਨੀ ਮਿੱਤਲ ਦੇ ਜ਼ਰੀਏ ਸੌਦਾ 30 ਲੱਖ ਰੁਪਏ ਵਿਚ ਤੈਅ ਹੋ ਗਿਆ। ਇਸ ਦੌਰਾਨ ਵਿਚੋਂ ਸੁਰੇਸ਼ ਕੁਮਾਰ ਨੇ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੇ ਕਰ ਕੇ 11 ਲੱਖ ਰੁਪਏ ਇੰਸ. ਵਿਜੇ ਕੁਮਾਰ ਨੂੰ ਦੇ ਦਿੱਤੇ ਅਤੇ 2 ਦਿਨ ਦਾ ਸਮਾਂ ਲੈ ਲਿਆ। ਇਸ ਤੋਂ ਬਾਅਦ 14 ਲੱਖ ਜੋਨੀ ਮਿੱਤਲ ਨੂੰ ਇਕ ਵਾਰ ਅਤੇ 5 ਲੱਖ ਦੂਜੀ ਵਾਰ (ਕੁੱਲ 19 ਲੱਖ ਰੁਪਏ) ਦਿੱਤੇ ਗਏ।ਰਾਜਵਿੰਦਰ ਪਾਲ ਨੇ ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਕੀਤੀ ਤਾਂ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਜੋਨੀ ਮਿੱਤਲ, ਇੰਸ. ਵਿਜੇ ਕੁਮਾਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ। ਇਸ ਮਾਮਲੇ ਦੀ ਪੜਤਾਲ ਡੀ. ਐੱਸ. ਪੀ. Îਸਿਟੀ-1 ਯੋਗੇਸ਼ ਸ਼ਰਮਾ ਨੇ ਕੀਤੀ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਵਿਜੀਲੈਂਸ ਪਟਿਆਲਾ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਉਂਕਿ ਵਿਜੇ ਕੁਮਾਰ ਇਥੇ ਤਾਇਨਾਤ ਰਿਹਾ ਹੈ, ਇਸ ਲਈ ਜਾਂਚ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ।
ਸੀ. ਆਈ. ਏ. ਰਾਜਪੁਰਾ ਦੇ ਇੰਚਾਰਜ ਖਿਲਾਫ ਵੀ ਮਾਮਲੇ ਨੂੰ ਰਫਾ-ਦਫਾ ਕਰਨ ਦਾ ਹੋ ਚੁੱਕਿਆ ਹੈ ਕੇਸ ਦਰਜ
ਕੁਝ ਦਿਨ ਪਹਿਲਾਂ ਸੀ. ਆਈ. ਏ. ਰਾਜਪੁਰਾ ਦੇ ਇੰਚਾਰਜ ਇੰਸ. ਗੁਰਜੀਤ ਸਿੰਘ, ਸਹਾਇਕ ਥਾਣੇਦਾਰਾਂ ਗੁਰਦੀਪ ਸਿੰਘ ਅਤੇ ਸਾਹਿਬ ਖਿਲਾਫ ਵੀ ਰਾਜਪੁਰਾ ਵਿਚ ਕੇਸ ਦਰਜ ਹੋ ਚੁੱਕਾ ਹੈ। ਏ. ਐੱਸ. ਆਈ. ਸਾਹਿਬ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ 'ਤੇ ਵੀ ਐੱਨ. ਡੀ. ਪੀ. ਐੱਸ. ਦੇ ਮਾਮਲੇ ਨੂੰ ਰਫਾ-ਦਫਾ ਕਰਨ ਦਾ ਦੋਸ਼ ਸੀ।