ਛੋਟਾ ਲੱਲਾ ਕਤਲਕਾਂਡ : ਮ੍ਰਿਤਕ ਦੀ ਪਤਨੀ ਦੀ ਪੁਲਸ ਨੂੰ ਧਮਕੀ

10/29/2019 11:24:12 AM

ਲੁਧਿਆਣਾ (ਮਹੇਸ਼) : ਜਲੰਧਰ ਬਾਈਪਾਸ ਦੇ ਕੋਲ ਦਾਣਾ ਮੰਡੀ ਵਿਚ ਬੀਤੇ ਦਿਨੀਂ ਪਟਾਕਾ ਮਾਰਕੀਟ ਵਿਚ ਬਦਮਾਸ਼ ਵਿਜੇ ਸਿੱਧੂ ਉਰਫ ਛੋਟਾ ਲੱਲਾ ਦੇ ਕਤਲ ਦੇ ਕੇਸ ਵਿਚ ਮ੍ਰਿਤਕ ਦੀ ਪਤਨੀ ਰਿਸ਼ੂ ਸਿੱਧੂ ਨੇ ਪੁਲਸ ਨੂੰ ਖੁਦਕੁਸ਼ੀ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਪੁਲਸ ਨੇ ਉਸ ਦੇ ਪਤੀ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਉਸ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚੇਗਾ। ਉਸ ਦੀ ਮੌਤ ਦੀ ਜ਼ਿੰਮੇਵਾਰੀ ਜ਼ਿਲਾ ਪੁਲਸ ਦੀ ਹੋਵੇਗੀ। ਇਹ ਧਮਕੀ ਉਸ ਨੇ ਸੋਮਵਾਰ ਨੂੰ ਕਾਨਫਰੰਸ ਦੌਰਾਨ ਮੀਡੀਆ ਦੇ ਸਾਹਮਣੇ ਦਿੱਤੀ। ਉਸ ਨੇ ਕਿਹਾ ਕਿ ਪਾਰਕਿੰਗ ਦੀ ਪਰਚੀ ਕੱਟਣ ਕਾਰਣ ਹੋਏ ਲੜਾਈ-ਝਗੜੇ ਵਿਚ ਉਸ ਦੇ ਪਤੀ ਦਾ ਕਤਲ ਹੋਇਆ ਹੈ, ਜਦੋਂਕਿ ਪੁਲਸਤੰਤਰ ਇਸ ਨੂੰ ਧੱਕੇਸ਼ਾਹੀ ਦਾ ਮਾਮਲਾ ਦੱਸ ਕੇ ਨਵੀਂ ਦਿਸ਼ਾ ਵੱਲ ਮੋੜ ਰਿਹਾ ਹੈ। ਮੁਲਜ਼ਮ ਪੱਖ ਵੱਲੋਂ ਉਸ 'ਤੇ ਸਮਝੌਤੇ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਮਝੌਤਾ ਨਾ ਕਰਨ ਦੀ ਸੂਰਤ ਵਿਚ ਪੂਰੇ ਪਰਿਵਾਰ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਭਾਈਚਾਰੇ ਨੂੰ ਲੈ ਕੇ ਸੜਕਾਂ 'ਤੇ ਉੱਤਰ ਕੇ ਸੰਘਰਸ਼ ਕਰੇਗੀ ਅਤੇ ਜੇਕਰ ਫਿਰ ਵੀ ਪੁਲਸ ਦੇ ਕੰਨ 'ਤੇ ਜੂੰਅ ਨਾ ਸਰਕੀ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਉਸ ਨੇ ਕਿਹਾ ਕਿ ਉਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਸਿਆਸੀ ਦਬਾਅ ਕਾਰਨ ਪੁਲਸ ਕਾਤਲਾਂ ਨੂੰ ਬਚਾਉਣ ਲਈ ਇਸ ਨੂੰ ਆਤਮ ਸੁਰੱਖਿਆ ਦੱਸ ਕੇ ਕੇਸ ਨੂੰ ਨਵਾਂ ਮੋੜ ਦੇਣ ਵਾਲੀ ਹੈ, ਜਦੋਂਕਿ ਉਸ ਦੇ ਪਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਦੇ ਡੇਢ ਦਰਜਨ ਤੋਂ ਜ਼ਿਆਦਾ ਜ਼ਖਮ ਪਾਏ ਗਏ ਹਨ ਜੋ ਕਿ ਸਿੱਧਾ ਕਤਲ ਵੱਲ ਇਸ਼ਾਰਾ ਕਰ ਰਹੇ ਹਨ।
ਇਸ ਮੌਕੇ ਉਸ ਦੇ ਨਾਲ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ, ਆਲ ਇੰਡੀਆ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੂਆ, ਧਰਮਗੁਰੂ ਅਰੁਣ ਸਿੱਧੂ, ਵਿਮਲ ਰਿਸ਼ੀ ਆਦਿ ਮੌਜੂਦ ਰਹੇ। ਧੀਂਗਾਨ ਨੇ ਕਿਹਾ ਕਿ ਕੇਸ ਨੂੰ ਲੈ ਕੇ ਜਲਦ ਹੀ ਇਕ ਵਫਦ ਮੰਤਰੀ ਆਸ਼ੂ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਸਾਰੇ ਕੇਸ ਤੋਂ ਜਾਣੂ ਕਰਵਾਇਆ ਜਾਵੇਗਾ।

ਵਿਜੇ ਨੂੰ ਗੈਂਗਸਟਰ ਨਾ ਲਿਖਿਆ ਜਾਵੇ
ਇਸ ਮੌਕੇ ਰਤਨਾਕਰ ਸੈਨਾ ਦੇ ਪੰਜਾਬ ਪ੍ਰਧਾਨ ਬੀ. ਕੇ. ਟਾਂਕ ਅਤੇ ਐਡਵੋਕੇਟ ਨਰਿੰਦਰ ਆਦੀਆ ਨੇ ਛੋਟਾ ਲੱਲਾ ਦੀ ਹਮਾਇਤ ਅਤੇ ਉਸ ਨਾਲ ਹਮਦਰਦੀ ਦਿਖਾਉਂਦੇ ਹੋਏ ਮੀਡੀਆ ਨੂੰ ਬੇਨਤੀ ਕੀਤੀ ਕਿ ਛੋਟਾ ਲੱਲਾ ਨੂੰ ਵਾਰ-ਵਾਰ ਗੈਂਗਸਟਰ ਨਾ ਲਿਖਿਆ ਜਾਵੇ। ਇਸ ਦੇ ਫੈਸਲਾ ਅਦਾਲਤ 'ਤੇ ਛੱਡ ਦਿੱਤਾ ਜਾਵੇ। ਉਨ੍ਹਾਂ ਨੇ ਕਬੂਲ ਕੀਤਾ ਕਿ ਲੱਲਾ ਲੜਾਈ-ਝਗੜਾ ਕਰਨ ਦਾ ਆਦੀ ਸੀ, ਜਿਸ ਕਾਰਨ ਉਸ 'ਤੇ ਕਈ ਅਪਰਾਧਕ ਕੇਸ ਦਰਜ ਸਨ ਪਰ ਉਹ ਗੈਂਗਸਟਰ ਨਹੀਂ ਸੀ। ਜੇਕਰ ਗੈਂਗਸਟਰ ਹੁੰਦਾ ਤਾਂ ਉਸ ਦੇ ਕੋਲ ਆਲੀਸ਼ਾਨ ਘਰ ਹੁੰਦਾ ਅਤੇ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ।


Gurminder Singh

Content Editor

Related News