ਚੋਰ ਗਿਰੋਹ ਨੇ 18 ਤੋਲੇ ਸੋਨਾ ਲੁੱਟਿਆ

11/07/2017 3:36:14 AM

ਸੁਲਤਾਨਪੁਰ ਲੋਧੀ,  (ਸੋਢੀ)-  ਬੀਤੀ ਸ਼ਾਮ ਸੁਲਤਾਨਪੁਰ ਲੋਧੀ ਦੇ ਮੁਹੱਲਾ ਅਰੋੜਾ ਰਸਤਾ ਨਿਵਾਸੀ ਕਰਨੈਲ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਅਣਪਛਾਤੇ ਚੋਰ 15-20 ਮਿੰਟਾਂ 'ਚ ਹੀ 18 ਤੋਲੇ ਸੋਨਾ ਤੇ 20 ਤੋਲੇ ਚਾਂਦੀ ਦੇ ਗਹਿਣੇ ਤੇ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮਾਮਲਾ ਦਰਜ ਕਰਕੇ ਚੋਰ ਗਿਰੋਹ ਦੀ ਭਾਲ ਤੇਜ਼ੀ ਨਾਲ ਆਰੰਭ ਕਰ ਦਿੱਤੀ ਹੈ। 
ਪੁਲਸ ਵੱਲੋਂ ਸੀ. ਸੀ. ਟੀ. ਵੀ ਕੈਮਰਿਆਂ ਦੀ ਮਿਲੀ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਮੁਹੱਲਾ ਅਰੋੜਾ ਰਸਤਾ ਨਿਵਾਸੀ ਆਪਣੇ ਸਮੂਹ ਪਰਿਵਾਰ ਸਮੇਤ ਸ਼ਾਮ 6 ਵਜੇ ਕਰੀਬ ਘਰੋਂ ਗੁਰਦੁਆਰਾ ਸਾਹਿਬ ਲਈ ਗਏ ਤੇ ਪਹਿਲਾਂ ਤੋਂ ਹੀ ਰੇਕੀ ਕਰ ਰਹੇ ਚੋਰ ਗਿਰੋਹ ਦੇ ਸਰਗਨੇ ਦੇ 4-5 ਮੈਂਬਰ ਮੋਟਰਸਾਈਕਲਾਂ 'ਤੇ ਆਏ ਤੇ ਆਪਣੇ ਮੋਟਰਸਾਈਕਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਪਿਛਲੇ ਪਾਸੇ ਪੈਂਦੀ ਬੱਸ ਸਟੈਂਡ ਤੋਂ ਸ਼ਹਿਰ ਵੱਲ ਅਰੋੜਾ ਰਸਤਾ ਮੁਹੱਲੇ ਦੀ ਮੇਨ ਰੋਡ 'ਤੇ ਰੋਕ ਦਿੱਤੇ ਤੇ ਇਸ ਦੌਰਾਨ ਇਕ ਚੋਰ ਲੋਈ ਦੀ ਬੁੱਕਲ ਮਾਰ ਕੇ ਬਾਹਰ ਸੜਕ ਤੇ ਘੁੰਮ ਫਿਰ ਕੇ ਨਿਗਰਾਨੀ ਕਰਦਾ ਰਿਹਾ ਤੇ ਬਾਕੀ ਘਰ ਦੀ ਬਾਹਰਲੀ ਕੰਧ ਟੱਪ ਕੇ ਅੰਦਰ ਪ੍ਰਵੇਸ਼ ਹੋਏ ਤੇ ਘਰ ਦੇ ਮੇਨ ਦਰਵਾਜ਼ੇ ਦਾ ਲਾਕ ਸੱਬਲਾਂ ਆਦਿ ਨਾਲ ਤੋੜ ਕੇ ਅੰਦਰ ਅਲਮਾਰੀਆਂ ਦੇ ਲਾਕ ਵੀ ਤੋੜ ਦਿੱਤੇ। ਸਾਰੀਆਂ ਅਲਮਾਰੀਆਂ, ਬਾਕਸ ਬੈੱਡਾਂ ਤੇ ਸਟੋਰ ਵਾਲੇ ਕਮਰੇ 'ਚ ਵੀ ਫੋਲਾ-ਫਰਾਲੀ ਕੀਤੀ ਗਈ। ਕਰਨੈਲ ਸਿੰਘ ਨੇ ਦੱਸਿਆ ਕਿ ਚੋਰਾਂ 15-20 ਮਿੰਟ 'ਚ  ਹੀ ਉਨ੍ਹਾਂ ਦੇ ਨੂਹ-ਪੁੱਤਰ ਦੇ ਸੋਨੇ ਦੇ ਗਹਿਣੇ ਤੇ ਚਾਂਦੀ ਦਾ ਸਾਮਾਨ ਚੋਰੀ ਕਰਨ ਤੋਂ ਇਲਾਵਾ ਘਰ 'ਚ ਪਈ 40 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਜੋੜ ਮੇਲਾ ਹੋਣ ਕਾਰਨ ਉਹ ਸਾਰਾ ਪਰਿਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ ਸਨ ਕਿ ਉਨ੍ਹਾਂ ਦੇ ਘਰੋਂ ਨਿਕਲਦੇ ਹੀ ਕਿਸੇ ਭੇਤੀ ਵੱਲੋਂ ਚੋਰਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਚੋਰਾਂ ਵਲੋਂ ਮੁਹੱਲਾ ਅਰੋੜਾ ਰਸਤਾ 'ਚ 7 ਲੱਖ ਰੁਪਏ ਦੀ ਅੰਦਾਜ਼ਨ ਕੀਮਤ ਦਾ ਸਾਮਾਨ ਚੋਰੀ ਕਰਨ ਤੋਂ ਬਾਅਦ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੂੰ ਤੁਰੰਤ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਲਈ ਹਦਾਇਤ ਕੀਤੀ।


Related News