ਪੰਚਾਇਤੀ ਵੋਟਾਂ ਵਾਲੇ ਦਿਨ ਨੂੰ ਐਲਾਨਿਆ ''ਡਰਾਈ ਡੇਅ''”
Tuesday, Dec 11, 2018 - 05:07 PM (IST)

ਚੋਹਲਾ ਸਾਹਿਬ (ਨਈਅਰ) - ਜ਼ਿਲਾ ਮੈਜਿਸਟ੍ਰੇਟ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲਾ ਤਰਨਤਾਰਨ ਦੀ ਹਦੂਦ ਅੰਦਰ ਆਉਂਦੇ ਕਾਰਜ ਸਾਧਕ ਅਫਸਰ, ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹੇ ਵਿਚ ਗ੍ਰਾਮ ਪੰਚਾਇਤਾਂ ਦੀਆਂ ਵੋਟਾਂ ਵਾਲੇ ਦਿਨ ਨੂੰ 'ਡਰਾਈ ਡੇਅ' ਘੋਸ਼ਿਤ ਕਰਦੇ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜ਼ਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ । ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣਾਂ ਦੌਰਾਨ ਕਿਸੇ ਕਿਸਮ ਦੇ ਹਥਿਆਰ ਨੂੰ ਲੈ ਕੇ ਚੱਲਣ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਅਸਲਾ 2 ਦਿਨਾਂ ਦੇ ਅੰਦਰ-ਅੰਦਰ ਸਬੰਧਤ ਪੁਲਸ ਥਾਣੇ 'ਚ ਜਮ੍ਹਾਂ ਕਰਵਾਉਣ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਸ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ।