ਸਿਹਤ ਲਈ ਨੁਕਸਾਨਦੇਹ ਮੰਨੀਆਂ ਜਾ ਰਹੀਆਂ ਹਨ ਚਾਈਨੀਜ਼ ਰੱਖੜੀਆਂ

Saturday, Aug 05, 2017 - 07:10 PM (IST)

ਰੂਪਨਗਰ(ਕੈਲਾਸ਼)— ਦੇਸ਼ 'ਚ ਮਨਾਏ ਜਾਣ ਵਾਲੇ ਰੱਖੜੀ ਦੇ ਤਿਉਹਾਰ ਮੌਕੇ ਵਿਕਣ ਵਾਲੀਆਂ ਚਾਈਨੀਜ਼ ਰੱਖੜੀਆਂ ਦਾ ਸਮਾਜਸੇਵੀ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਵਾਰ 7 ਅਗਸਤ 2017 ਨੂੰ ਰੱਖੜੀ ਦਾ ਤਿਉਹਾਰ ਹੈ, ਜਿਸ ਸਬੰਧੀ ਭੈਣਾਂ 'ਚ ਜਿੱਥੇ ਰੱਖੜੀਆਂ ਖਰੀਦਣ ਲਈ ਉਤਸ਼ਾਹ ਹੈ, ਉਥੇ ਹੀ ਭਰਾਵਾਂ ਵੱਲੋਂ ਵੀ ਭੈਣਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫੇ ਦੇਣ ਲਈ ਖਰੀਦਦਾਰੀ ਸ਼ੁਰੂ ਕਰ ਦਿੱਤੀ ਗਈ ਹੈ। ਦੁਕਾਨਦਾਰਾਂ ਨੇ ਇਸ ਵਾਰ ਫਿਰ ਚਾਈਨੀਜ਼ ਰੱਖੜੀਆਂ ਦਾ ਸਟਾਕ ਜਮ੍ਹਾ ਕੀਤਾ ਹੈ ਪਰ ਭਾਰਤ ਅਤੇ ਚੀਨ ਵਿਚਕਾਰ ਲਗਾਤਾਰ ਵੱਧ ਰਹੇ ਤਣਾਅ ਕਾਰਨ ਸ਼ਹਿਰ 'ਚ ਸਮਾਜਸੇਵੀ ਅਤੇ ਜਾਗਰੂਕ ਨਾਗਰਿਕ ਇਨ੍ਹਾਂ ਦਾ ਡਟ ਕੇ ਵਿਰੋਧ ਕਰ ਰਹੇ ਹਨ।
ਕੀ ਹੈ ਰੱਖੜੀ ਬੰਨ੍ਹਣ ਦਾ ਸਮਾਂ?
ਇਸ ਸਬੰਧੀ ਮਾਹਿਰ ਪੰਡਿਤਾਂ ਦਾ ਕਹਿਣਾ ਹੈ ਕਿ 7 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਉਸ ਦਿਨ ਸਵੇਰ ਤੋਂ ਹੀ ਭਦਾਲਗੀ ਹੋਣ ਕਾਰਨ ਅਤੇ ਦੁਪਹਿਰ ਤੋਂ ਬਾਅਦ ਚੰਦਰ ਗ੍ਰਹਿਣ ਦਾ ਸੂਤਕ ਸ਼ੁਰੂ ਹੋ ਜਾਣ ਨਾਲ ਸਿਰਫ ਢਾਈ ਘੰਟੇ ਹੀ ਰੱਖੜੀ ਬੰਨ੍ਹਣ ਲਈ ਸ਼ੁੱਭ ਸਮਾਂ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਦੀ ਪੂਰਨਿਮਾ ਨੂੰ ਮਨਾਏ ਜਾਣ ਵਾਲੇ ਰੱਖੜੀ ਦੇ ਤਿਉਹਾਰ ਦੇ ਦਿਨ ਸਵੇਰੇ ਭਦਰਾ ਅਤੇ ਰਾਤ 10.52 ਤੋਂ ਅੱਧੀ ਰਾਤ 12. 22 ਤੱਕ ਚੰਦਰ ਗ੍ਰਹਿਣ ਕਾਰਨ ਇਸ ਦਾ ਸੂਤਕ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ ਅਤੇ ਮੰਦਿਰਾਂ ਦੇ ਕਪਾਟ ਵੀ ਬੰਦ ਹੋ ਜਾਣਗੇ। ਮਾਹਿਰ ਪੰਡਿਤਾਂ ਅਨੁਸਾਰ ਰੱਖੜੀ ਬੰਨ੍ਹਣ ਦਾ ਸ਼ੁੱਭ ਸਮਾਂ ਸਵੇਰੇ 11.07 ਤੋਂ ਦੁਪਹਿਰ 1.50 ਤੱਕ ਹੈ।
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਨੇ ਕਿਹਾ ਕਿ ਭਾਰਤ ਦੇ ਦੋ ਮੌਜੂਦਾ ਦੁਸ਼ਮਣ ਪਾਕਿ ਅਤੇ ਚੀਨ ਕਾਰਨ ਸਾਡੇ ਜਵਾਨ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਰਹੇ ਹਨ ਪਰ ਚੀਨ ਵੱਲੋਂ ਭਾਰਤ 'ਚ ਘਟੀਆ ਪਰ ਲੁਭਾਉਣੀਆਂ ਰੱਖੜੀਆਂ ਭੇਜ ਕੇ ਭਾਰਤ ਦੀ ਅਰਥ ਵਿਵਸਥਾ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਭਾਰਤੀ ਸੰਸਕ੍ਰਿਤੀ ਅਨੁਸਾਰ ਭੈਣਾਂ ਨੂੰ ਭਰਾਵਾਂ ਦੀਆਂ ਬਾਹਾਂ 'ਤੇ ਪਵਿੱਤਰ ਮੌਲੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਦੀ ਮਿਸਾਲ ਭਾਰਤ ਤੋਂ ਇਲਾਵਾ ਕਿਤੇ ਵੀ ਨਹੀਂ ਮਿਲਦੀ। ਜਿਸ ਤਿਉਹਾਰ ਦਾ ਚੀਨ ਨਾਲ ਕੋਈ ਲੈਣਾ-ਦੇਣਾ ਹੀ ਨਹੀਂ, ਉਸ ਵੱਲੋਂ ਬਣਾਈਆਂ ਜਾ ਰਹੀਆਂ ਰੱਖੜੀਆਂ ਨੂੰ ਸਾਨੂੰ ਪੂਰੀ ਤਰ੍ਹਾਂ ਨਕਾਰ ਦੇਣਾ ਚਾਹੀਦਾ ਹੈ। 
ਯੁਵਾ ਮੋਰਚਾ ਰੂਪਨਗਰ ਦੇ ਸਕੱਤਰ ਅਭਿਜੀਤ ਆਹੂਜਾ ਨੇ ਚੀਨ ਦੇ ਸਾਮਾਨ ਦੀ ਦੇਸ਼ 'ਚ ਹੋ ਰਹੀ ਵਿਕਰੀ ਅਤੇ ਮੌਜੂਦਾ ਸਮੇਂ 'ਚ ਵਿਕ ਰਹੀਆਂ ਚਾਈਨੀਜ਼ ਰੱਖੜੀਆਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਚਾਈਨੀਜ਼ ਰੱਖੜੀਆਂ 'ਤੇ ਗੂੜ੍ਹੇ ਰੰਗਾਂ ਲਈ ਲੈੱਡ ਦੀ ਵੱਧ ਮਾਤਰਾ 'ਚ ਵਰਤੋਂ ਕੀਤੀ ਜਾਂਦੀ ਹੈ ਅਤੇ ਲੈੱਡ ਕਾਰਨ ਕਈ ਰੋਗ ਲੱਗ ਸਕਦੇ ਹਨ। ਭਾਰਤ 'ਚ ਹਰ ਚੀਜ਼ ਦਾ ਨਿਰਮਾਣ ਹੋ ਰਿਹਾ ਹੈ ਅਤੇ ਭਾਰਤੀਆਂ ਨੂੰ ਸਵਦੇਸ਼ੀ ਰੱਖੜੀਆਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਭੈਣਾਂ ਨੂੰ ਪਵਿੱਤਰ ਧਾਗਾ ਮੌਲੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਭਰਾਵਾਂ ਨੂੰ ਵੀ ਮਹਿੰਗੇ ਤੋਹਫੇ ਦੇਣ ਦੀ ਬਜਾਏ ਆਪਣੀਆਂ ਭੈਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।


Related News