ਪੰਜਾਬ 'ਚ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲੇ ਸਾਵਧਾਨ! ਸਰਕਾਰ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ

Tuesday, Dec 13, 2022 - 04:04 PM (IST)

ਪੰਜਾਬ 'ਚ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲੇ ਸਾਵਧਾਨ! ਸਰਕਾਰ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ

ਅੰਮ੍ਰਿਤਸਰ (ਸਾਗਰ) : ਚਾਈਨਾ ਡੋਰ ਨਾਲ ਹਰ ਸਾਲ ਕਈ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਅਤੇ ਪਸ਼ੂ-ਪੰਛੀਆਂ ਨੂੰ ਵੀ ਇਸ ਤੋਂ ਕਾਫ਼ੀ ਖ਼ਤਰਾ ਹੁੰਦਾ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਚਾਈਨਾ ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਮੀਤ ਹੇਅਰ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਨਾਲ ਜਿੱਥੇ ਪਸ਼ੂ-ਪੰਛੀਆਂ ਨੂੰ ਖ਼ਤਰਾ ਹੁੰਦਾ ਹੈ, ਉੱਥੇ ਹੀ ਸੜਕੀ ਆਵਾਜਾਈ ਦੌਰਾਨ ਲੋਕ ਵੀ ਇਸ ਦੀ ਗ੍ਰਿਫ਼ਤ 'ਚ ਆਉਂਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲੀ ਪੱਧਰ ’ਤੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਚਾਈਨਾ ਡੋਰ ਦਾ ਸਟਾਕ ਇਕੱਠਾ ਕਰਨ ਵਾਲਿਆਂ ਖ਼ਿਲਾਫ਼ ਤੇਜ਼ੀ ਨਾਲ ਚੈਕਿੰਗ ਮੁਹਿੰਮ ਚਲਾਉਣ ਅਤੇ ਜਿੰਨੀ ਵੀ ਚਾਈਨਾ ਡੋਰ ਜ਼ਬਤ ਕੀਤੀ ਜਾਂਦੀ ਹੈ, ਉਸ ਨੂੰ ਪ੍ਰਦੂਸ਼ਣ ਵਿਭਾਗ ਦੀ ਦੇਖ-ਰੇਖ ਹੇਠ ਨਸ਼ਟ ਕੀਤਾ ਜਾਵੇ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਅਹਿਮ ਖ਼ਬਰ : GMCH-32 'ਚ ਹੋਣ ਜਾ ਰਹੀ ਨਰਸਾਂ ਦੀ ਭਰਤੀ, ਕੇਂਦਰ ਨੇ ਦਿੱਤੀ ਮਨਜ਼ੂਰੀ

ਨਾਲ ਹੀ ਇਸ ਦੀ ਵੀਡੀਓਗ੍ਰਾਫੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਚਾਈਨਾ ਡੋਰ ਦਾ ਸਟਾਕ ਇਕੱਠਾ ਕਰਨ, ਵੇਚਣ ਅਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਮ ਧਾਗੇ ਨਾਲ ਪਤੰਗਾਂ ਨੂੰ ਉਡਾ ਕੇ ਆਪਣਾ ਮਨ ਪਰਚਾਵਾ ਕਰਨ ਅਤੇ ਚਾਈਨਾ ਡੋਰ ਦਾ ਬਾਈਕਾਟ ਕਰਨ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਲੁਧਿਆਣਾ 'ਚ 4 ਮੁੰਡਿਆਂ ਵੱਲੋਂ ਨਾਬਾਲਗ ਕੁੜੀ ਨਾਲ ਗੈਂਗਰੇਪ, ਪਤਾ ਲੱਗਣ 'ਤੇ ਪਰਿਵਾਰ ਦੇ ਉੱਡੇ ਹੋਸ਼

ਇਸ ਮੌਕੇ ਪ੍ਰਦੂਸ਼ਣ ਬੋਰਡ ਚੀਫ ਇੰਜੀਨੀਅਰ ਜੀ. ਐੱਸ. ਮਜੀਠੀਆ ਨੇ ਦੱਸਿਆ ਕਿ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਦੇ ਐਗਜ਼ੈਕਟਿਵ ਮੈਜਿਸਟਰੇਟਾਂ, ਜੀਵ ਵਿਭਾਗ ਦੇ ਇੰਸਪੈਕਟਰਾਂ, ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਪੰਜਾਬ ਪੁਲਸ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ, ਨਗਰ ਕੌਂਸਲਾਂ ਦੇ ਸਾਰੇ ਅਧਿਕਾਰੀ ਅਤੇ ਸਹਾਇਕ ਵਾਤਾਵਰਣ ਇੰਜੀਨੀਅਰਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ। ਇਸ ਮੀਟਿੰਗ 'ਚ ਡਾ. ਅਜੈ ਗੁਪਤਾ, ਡਾ. ਜਸਬੀਰ ਸਿੰਘ, ਜੀਵਨਜੋਤ ਕੌਰ (ਤਿੰਨੋ ਵਿਧਾਇਕ), ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਡੀ. ਸੀ. ਪੀ. ਪੀ. ਐੱਸ. ਭੰਡਾਲ, ਐਕਸੀਅਨ ਪ੍ਰਦੂਸ਼ਣ ਬੋਰਡ ਹਰਪਾਲ ਸਿੰਘ, ਐੱਸ. ਡੀ. ਓ. ਅਮਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News