ਸਿਵਲ ਹਸਪਤਾਲ ''ਚੋਂ ਬੱਚਾ ਚੋਰੀ ਕਰਨ ਵਾਲੀ ਔੌਰਤ ਨੇ ਦੱਸਿਆ ਅਸਲ ਸੱਚ

02/20/2020 4:32:54 PM

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ 'ਚ 2 ਦਿਨ ਦੀ ਬੱਚੀ ਚੋਰੀ ਕਰਨ ਵਾਲੀ ਔਰਤ ਰਾਜਵੀਰ ਕੌਰ ਨੇ ਪੁੱਛਗਿੱਛ 'ਚ ਦੱਸਿਆ ਕਿ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਪਰ ਉਸ ਦੇ ਕੋਈ ਔਲਾਦ ਨਹੀਂ ਸੀ। ਇਸ ਲਈ ਉਸ ਨੇ ਸਿਵਲ ਹਸਪਤਾਲ ਤੋਂ ਨਵ-ਜੰਮੀ ਬੱਚੀ ਚੋਰੀ ਕਰ ਲਈ ਸੀ। ਹਾਲਾਂਕਿ ਹੁਣ ਬੱਚੀ ਆਪਣੇ ਮਾਤਾ-ਪਿਤਾ ਦੀ ਗੋਦ 'ਚ ਹੈ ਅਤੇ ਦੋਸ਼ੀ ਔਰਤ ਸਲਾਖਾਂ ਪਿੱਛੇ। ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ 11 ਫਰਵਰੀ ਨੂੰ ਸਿਵਲ ਹਸਪਤਾਲ ਤੋਂ ਬੱਚੀ ਚੋਰੀ ਹੋਈ ਸੀ, ਜਦੋਂ ਕਿ 14 ਫਰਵਰੀ ਨੂੰ ਬੱਚੀ ਸਾਹਨੇਵਾਲ ਏਅਰਪੋਰਟ ਤੋਂ ਮਿਲ ਗਈ ਸੀ। ਇਸ ਕੇਸ ਦੀ ਜਾਂਚ ਏ. ਐੱਸ. ਆਈ. ਰਾਜਿੰਦਰ ਸਿੰਘ ਕਰ ਰਹੇ ਸਨ। ਉਨ੍ਹਾਂ ਦੀ ਟੀਮ ਨੇ ਮੰਗਲਵਾਰ ਨੂੰ ਮੁਲਜ਼ਮ ਔਰਤ ਨੂੰ ਵੀ ਫੜ੍ਹ ਲਿਆ।
ਪਤੀ ਨੂੰ ਬੋਲਿਆ ਸੀ ਝੂਠ
ਰਾਜਵੀਰ ਕੌਰ ਨੇ 11 ਫਰਵਰੀ ਨੂੰ ਬੱਚਾ ਚੋਰੀ ਕੀਤਾ ਸੀ ਪਰ ਉਸ ਨੇ ਆਪਣੇ ਪਤੀ ਨੂੰ ਇਕ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸ ਦੇ ਬੇਟੀ ਪੈਦਾ ਹੋਈ ਹੈ। ਇਸ ਗੱਲ ਤੋਂ ਉਸ ਦਾ ਪਤੀ ਹਰਵਿੰਦਰ ਸਿੰਘ ਵੀ ਖੁਸ਼ ਸੀ। ਇਸ ਲਈ ਉਸ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਰਾਜਵੀਰ ਨੂੰ ਉਹ ਆਪਣੇ ਘਰ ਲੈ ਆਵੇ।
ਨਨਾਣ ਨੂੰ ਸੋਸ਼ਲ ਮੀਡੀਆ 'ਤੇ ਖਬਰ ਦੇਖ ਪਿਆ ਸ਼ੱਕ
ਰਾਜਵੀਰ ਕੌਰ 14 ਫਰਵਰੀ ਨੂੰ ਆਪਣੀ ਨਨਾਣ ਗੁਰਪ੍ਰੀਤ ਕੌਰ ਦੇ ਘਰ ਪੁੱਜੀ, ਜਿੱਥੇ ਨਨਾਣ ਨੇ ਰਾਜਵੀਰ ਕੌਰ ਅਤੇ ਉਸ ਦੀ ਬੇਟੀ ਨੂੰ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਕਿਉਂਕਿ ਉਸ ਨੇ 2 ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਬੱਚਾ ਚੋਰੀ ਹੋਣ ਦੀ ਖਬਰ ਦੇਖੀ ਸੀ। ਇਸ ਲਈ ਜਦੋਂ ਉਸ ਨੇ ਰਾਜਵੀਰ ਤੋਂ ਇਸ ਸਬੰਧੀ ਪੁੱਛਿਆ ਤਾਂ ਉਹ ਡਰ ਗਈ। ਉਸ ਨੇ ਪੁਲਸ ਬੁਲਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਰਾਜਵੀਰ ਬੱਚੀ ਛੱਡ ਕੇ ਚਲੀ ਗਈ। ਜਦੋਂ ਰਾਜਵੀਰ ਬੱਚਾ ਛੱਡ ਕੇ ਭੱਜ ਗਈ ਤਾਂ ਗੁਰਪ੍ਰੀਤ ਕੌਰ ਬੱਚੀ ਨੂੰ ਚੁੱਕ ਕੇ ਸਾਹਨੇਵਾਲ ਏਅਰਪੋਰਟ ਕੋਲ ਲੈ ਗਈ, ਜਿੱਥੇ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਕਾਲ ਕਰ ਕੇ ਕਿਹਾ ਕਿ ਕੋਈ ਝਾੜੀਆਂ 'ਚ ਬੱਚੀ ਸੁੱਟ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਪੁੱਜ ਕੇ ਬੱਚਾ ਬਰਾਮਦ ਕਰਕੇ ਹਸਪਤਾਲ 'ਚ ਭਰਤੀ ਕਰਾਇਆ।
ਗੁਰਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਸੱਚ
ਗੁਰਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਬੱਚਾ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੀ ਭਰਜਾਈ ਰਾਜਵੀਰ ਕੌਰ ਨੇ ਚੋਰੀ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਰਾਜਵੀਰ ਦੇ ਮੋਬਾਇਲ ਤੋਂ ਲੋਕੇਸ਼ਨ ਲੱਭਣੀ ਸ਼ੁਰੂ ਕੀਤੀ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਔਰਤ ਬੱਸ ਅੱਡੇ ਦੇ ਆਲੇ-ਦੁਆਲੇ ਹਨ, ਜਿਸ ਤੋਂ ਬਾਅਦ ਉਸ ਨੂੰ ਪੁਲਸ ਨੇ ਫੜ੍ਹ ਲਿਆ।


Babita

Content Editor

Related News