ਵਿਦਿਆਰਥਣ ਨਾਲ ਜਬਰ-ਜ਼ਨਾਹ ਮਾਮਲੇ ''ਚ 2 ਦੋਸ਼ੀ ਕਰਾਰ, ਅੱਜ ਸੁਣਾਈ ਜਾਏਗੀ ਸਜ਼ਾ
Thursday, Nov 16, 2017 - 07:44 AM (IST)
ਚੰਡੀਗੜ੍ਹ (ਸੰਦੀਪ) - ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਭਿਵਾਨੀ ਦੇ ਰਹਿਣ ਵਾਲੇ ਓਮ ਪ੍ਰਕਾਸ਼ ਤੇ ਮੌਲੀਜਾਗਰਾਂ ਵਾਸੀ ਜਤਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਦੋਸ਼ੀਆਂ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਏਗੀ। ਸ਼ਿਕਾਇਤਕਰਤਾ ਦੀ ਵਕੀਲ ਪ੍ਰਤਿਭਾ ਭੰਡਾਰੀ ਮੁਤਾਬਿਕ ਪੀੜਤਾ ਨੂੰ ਧਮਕਾਇਆ ਗਿਆ ਸੀ ਕਿ ਜਿਹੜੇ ਪੇਪਰਾਂ 'ਤੇ ਉਸ ਨੇ ਦਸਤਖਤ ਕੀਤੇ ਹਨ, ਉਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਇਸ ਦੇ ਇਲਾਵਾ ਉਸ ਦੇ ਕੁਝ ਵੀਡੀਓ ਵੀ ਬਣਾਏ ਗਏ ਸਨ।
ਅਦਾਲਤ ਨੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਮੌਲੀਜਾਗਰਾਂ ਥਾਣਾ ਪੁਲਸ ਨੇ ਪਿਛਲੇ ਸਾਲ 19 ਸਾਲਾ ਵਿਦਿਆਰਥਣ ਦੀ ਸ਼ਿਕਾਇਤ 'ਤੇ ਦੋਵਾਂ ਖਿਲਾਫ ਅਗਵਾ ਕਰਨ, ਵਿਆਹ ਲਈ ਮਜਬੂਰ ਕਰਨ, ਜਬਰ-ਜ਼ਨਾਹ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਵਿਆਹ ਦੇ ਕਾਗਜ਼ਾਂ 'ਤੇ ਵੀ ਕਰਵਾਏ ਸਨ ਜ਼ਬਰਦਸਤੀ ਦਸਤਖਤ
ਪੁਲਸ ਵਲੋਂ ਦਰਜ ਮਾਮਲੇ ਤਹਿਤ ਪੀੜਤਾ 17 ਅਗਸਤ 2016 ਨੂੰ ਕਾਲਜ ਜਾਣ ਲਈ ਵਿਕਾਸ ਨਗਰ 'ਚ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਉਸਦੇ ਗੁਆਂਢ 'ਚ ਰਹਿਣ ਵਾਲਾ ਓਮ ਪ੍ਰਕਾਸ਼ ਮੋਟਰਸਾਈਕਲ 'ਤੇ ਉਥੇ ਪਹੁੰਚਿਆ, ਉਸਨੇ ਉਸ ਨੂੰ ਕਾਲਜ ਤਕ ਛੱਡਣ ਦੀ ਗੱਲ ਆਖੀ। ਦੋਸ਼ ਮੁਤਾਬਿਕ ਪੀੜਤਾ ਨੇ ਉਸ ਨੂੰ ਇਨਕਾਰ ਕਰ ਦਿੱਤਾ ਤਾਂ ਉਸ ਨੇ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਲਿਆ। ਵਿਰੋਧ ਕਰਨ 'ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਓਮ ਪ੍ਰਕਾਸ਼ ਉਸਨੂੰ ਉਥੋਂ ਸੈਕਟਰ-48 ਲੈ ਕੇ ਗਿਆ, ਉਥੇ ਉਸਨੇ ਆਪਣੇ ਰਿਸ਼ਤੇਦਾਰ ਜਤਿੰਦਰ ਤੋਂ ਪੈਸੇ ਲਏ। ਇਸ ਦੇ ਬਾਅਦ ਉਹ ਉਸ ਨੂੰ ਹਰਿਆਣਾ ਦੇ ਧਾਰੂਖੇੜਾ 'ਚ ਲੈ ਕੇ ਗਿਆ ਤੇ ਉਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਅਗਲੇ ਦਿਨ ਜਤਿੰਦਰ ਵੀ ਉਥੇ ਆ ਗਿਆ ਤੇ ਉਸ ਨੇ ਜ਼ਬਰਦਸਤੀ ਇਕ ਕਾਗਜ਼ 'ਤੇ ਉਸਦੇ ਦਸਤਖਤ ਕਰਵਾਏ। ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਆਹ ਦੇ ਪੇਪਰ ਸਨ। ਦਸਤਖਤ ਕਰਵਾਉਣ ਤੋਂ ਬਾਅਦ ਜਤਿੰਦਰ ਨੇ ਉਸ ਨੂੰ ਚੰਡੀਗੜ੍ਹ ਛੱਡ ਦਿੱਤਾ, ਜਿਸ ਦੇ ਬਾਅਦ ਉਸ ਨੇ ਪੁਲਸ ਨੂੰ ਇਸ ਵਿਸ਼ੇ 'ਚ ਸ਼ਿਕਾਇਤ ਦਿੱਤੀ ਸੀ।
