ਨਵਜੰਮੀ ਬੱਚੀ ਨੂੰ ਹਸਪਤਾਲ ''ਚ ਛੱਡ ਕੇ ਮਾਂ ਫਰਾਰ, ਅੱਧੇ ਘੰਟੇ ਬਾਅਦ ਤੋੜਿਆ ਦਮ
Thursday, Oct 26, 2017 - 07:32 AM (IST)
ਚੰਡੀਗੜ੍ਹ (ਸੁਸ਼ੀਲ) - ਜੀ. ਐੈੱਮ. ਸੀ. ਐੈੱਚ.-32 'ਚ ਬੱਚੀ ਨੂੰ ਜਨਮ ਦਿੰਦਿਆਂ ਹੀ ਡੇਰਾਬੱਸੀ ਦੀ ਇਕ ਔਰਤ ਬੱਚੀ ਨੂੰ ਪੈਡੀਐਟ੍ਰਿਕ ਵਾਰਡ ਐਮਰਜੈਂਸੀ 'ਚ ਛੱਡ ਕੇ ਫਰਾਰ ਹੋ ਗਈ। ਬੱਚੀ ਨੂੰ ਇਕੱਲੀ ਪਈ ਵੇਖ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਪਰ ਅੱਧੇ ਘੰਟੇ ਬਾਅਦ ਬੱਚੀ ਨੇ ਦਮ ਤੋੜ ਦਿੱਤਾ। ਸੈਕਟਰ-34 ਥਾਣਾ ਪੁਲਸ ਨੇ ਬੱਚੀ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਨੇ ਜੀ. ਐੈੱਮ. ਸੀ. ਐੈੱਚ.-32 ਤੋਂ ਬੱਚੀ ਦੀ ਮਾਂ ਦਾ ਰਿਕਾਰਡ ਹਾਸਲ ਕਰ ਲਿਆ। ਪੁਲਸ ਟੀਮ ਔਰਤ ਨੂੰ ਗ੍ਰਿਫਤਾਰ ਕਰਨ ਲਈ ਡੇਰਾਬੱਸੀ ਰਵਾਨਾ ਹੋ ਗਈ ਹੈ।
ਸੈਕਟਰ-34 ਥਾਣਾ ਮੁਖੀ ਨੇ ਦੱਸਿਆ ਕਿ ਮੰਗਲਵਾਰ ਨੂੰ ਸੂਚਨਾ ਮਿਲੀ ਸੀ ਕਿ ਜੀ. ਐੈੱਮ. ਸੀ. ਐੈੱਚ. 'ਚ ਪੈਡੀਐਟ੍ਰਿਕ ਵਾਰਡ ਐਮਰਜੈਂਸੀ 'ਚ ਇਕ ਦਿਨ ਦੀ ਬੱਚੀ ਪਈ ਹੋਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਪਹੁੰਚੀ ਤੇ ਬੱਚੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ। ਬੱਚੀ ਨੇ ਅੱਧੇ ਘੰਟੇ ਬਾਅਦ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਬੱਚੀ ਨੂੰ ਜਨਮ ਹਸਪਤਾਲ 'ਚ ਹੀ ਦਿੱਤਾ ਗਿਆ ਹੈ। ਬੱਚੀ ਦੇ ਹੱਥ 'ਤੇ ਟੈਗ ਲੱਗਾ ਹੋਇਆ ਸੀ। ਪੁਲਸ ਹੁਣ ਔਰਤ ਨੂੰ ਫੜ ਕੇ ਬੱਚੀ ਨੂੰ ਛੱਡਣ ਦਾ ਕਾਰਨ ਪਤਾ ਕਰੇਗੀ।
ਬਾਥਰੂਮ 'ਚੋਂ ਮਿਲੀ ਬੱਚੀ ਦੀ ਹੋਈ ਮੌਤ
ਕਜਹੇੜੀ 'ਚ ਬਾਥਰੂਮ 'ਚ ਪਈ ਮਿਲੀ ਇਕ ਦਿਨ ਦੀ ਬੱਚੀ ਨੇ ਬੁੱਧਵਾਰ ਨੂੰ ਇਲਾਜ ਦੌਰਾਨ ਜੀ. ਐੈੱਮ. ਸੀ. ਐੈੱਚ.-32 'ਚ ਦਮ ਤੋੜ ਦਿੱਤਾ। ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਮਦਨ ਲਾਲ ਨੇ ਬੱਚੀ ਨੂੰ ਦਫਨਾਇਆ। ਇਸਦੇ ਇਲਾਵਾ 17 ਸਤੰਬਰ ਨੂੰ ਪੀ. ਜੀ. ਆਈ. ਥਰਡ ਫਲੋਰ 'ਤੇ ਇਕ ਹੋਰ ਬੱਚੀ ਮਿਲੀ ਸੀ , ਜੋ ਕਿ ਇਕ ਮਹੀਨੇ ਬਾਅਦ ਮਰ ਗਈ ਸੀ, ਨੂੰ ਵੀ ਪੁਲਸ ਦੇ ਕਹਿਣ 'ਤੇ ਮਦਨ ਲਾਲ ਨੇ ਹੀ ਦਫਨਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੀ. ਜੀ. ਆਈ. 'ਚ ਮਿਲੀ ਬੱਚੀ ਮੋਰਚਰੀ 'ਚ ਰੱਖੀ ਹੋਈ ਸੀ।
