ਟਾਸਕ ਫੋਰਸ ਟੀਮ ਨੇ 16 ਬੱਚਿਆਂ ਨੂੰ ਮਜ਼ਦੂਰੀ ਤੋਂ ਆਜ਼ਾਦ ਕਰਵਾਇਆ
Thursday, Nov 16, 2017 - 04:49 AM (IST)
ਲੁਧਿਆਣਾ(ਖੁਰਾਣਾ)-ਜ਼ਿਲਾ ਟਾਸਕ ਫੋਰਸ ਟੀਮ 'ਚ ਸ਼ਾਮਲ ਵੱਖ-ਵੱਖ 8 ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਅੱਜ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸੁੰਦਰ ਨਗਰ ਇਲਾਕੇ ਦੇ ਕੁਲਦੀਪ ਨਗਰ ਦੀ ਗਲੀ ਨੰਬਰ 5 'ਚ ਪੈਂਦੇ ਉਦਯੋਗਿਕ ਘਰਾਣਿਆਂ 'ਤੇ ਕਾਰਵਾਈ ਕਰਦਿਆਂ 11 ਬਾਲ ਮਜ਼ਦੂਰਾਂ ਨੂੰ ਆਜ਼ਾਦ ਕਰਵਾਉਣ 'ਚ ਕਾਮਯਾਬੀ ਦਰਜ ਕੀਤੀ। ਇਥੇ ਦੱਸ ਦੇਈਏ ਕਿ ਟਾਸਕ ਫੋਰਸ ਦੀਆਂ ਦੋ ਹੋਰ ਟੀਮਾਂ ਦੇ ਅਧਿਕਾਰੀਆਂ ਨੇ ਖੰਨਾ 'ਚੋਂ 4, ਜਗਰਾਓਂ 'ਚੋਂ 1 ਬੱਚੇ ਨੂੰ ਮਜ਼ਦੂਰੀ ਦੀ ਕੈਦ ਤੋਂ ਆਜ਼ਾਦ ਕਰਵਾਇਆ। ਉਕਤ ਤਿੰਨੇ ਟੀਮਾਂ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮਪ੍ਰੀਤ ਕੌਰ ਲੀਡ ਕਰ ਰਹੀ ਸੀ, ਜਿਸ 'ਚ ਲੇਬਰ ਵਿਭਾਗ ਦੇ ਅਸਿਸਟੈਂਟ ਡਿਪਟੀ ਡਾਇਰੈਕਟਰ ਆਫ ਫੈਕਟਰੀ ਵਿੰਗ ਮੱਖਣ ਸਿੰਘ, ਲੇਬਰ ਇੰਸ. ਹਰਦੇਵ ਸਿੰਘ, ਜਸਬੀਰ ਕੌਰ, ਸਿੱਖਿਆ ਵਿਭਾਗ ਦੇ ਹਰਮਿੰਦਰ ਸਿੰਘ ਰੋਮੀ ਸਮੇਤ ਹੋਰ ਟੀਮ ਦੇ ਮੈਂਬਰ ਮੁੱਖ ਤੌਰ 'ਤੇ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਡੀ. ਐੱਫ. ਮੱਖਣ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਡਾਕਟਰੀ ਜਾਂਚ ਦੇ ਬਾਅਦ ਉਨ੍ਹਾਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ ਅਤੇ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਮੌਕੇ 'ਤੇ ਮੌਜੂਦ ਹੋਣਗੇ, ਵਿਭਾਗੀ ਕਾਰਵਾਈ ਦੇ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਨਹੀਂ ਤਾਂ ਬੱਚਿਆਂ ਨੂੰ ਸ਼ਾਰਟ ਟਰਮ ਲਈ ਚਾਈਲਡ ਹੋਮ ਸ਼ਿਫਟ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੇ ਦੋਸ਼ੀ ਵਿਅਕਤੀਆਂ 'ਤੇ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਲ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਬੈਂਕਾਂ 'ਚ ਖੋਲ੍ਹੇ ਜਾਣਗੇ ਖਾਤੇ
ਪ੍ਰਸ਼ਾਸਨ ਦੀ ਇਕ ਅਣਦੇਖੀ ਪਹਿਲ ਨਾਲ ਬਾਲ ਮਜ਼ਦੂਰੀ ਦੌਰਾਨ ਛੁਡਾਏ ਗਏ ਬੱਚਿਆਂ ਦੇ ਮੁੜ ਵਸੇਬੇ ਲਈ ਜਿੱਥੇ ਜ਼ੀਰੋ ਬੈਲੇਂਸ 'ਤੇ ਬੈਂਕ ਖਾਤੇ ਖੋਲ੍ਹ ਕੇ ਸਬੰਧਤ ਫੈਕਟਰੀ ਮਾਲਕ ਅਤੇ ਹੋਰ ਦੁਕਾਨਦਾਰਾਂ ਤੋਂ ਵਸੂਲੀ ਗਈ ਜੁਰਮਾਨੇ ਦੀ ਰਕਮ ਸਿੱਧੇ ਪੀੜਤ ਬੱਚਿਆਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਕਰਵਾਈ ਜਾਵੇਗੀ, ਉਥੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਵਾਉਣ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ 'ਚ ਵੀ ਦਾਖਲ ਕਰਵਾਇਆ ਜਾਵੇਗਾ। ਇਹ ਕਹਿਣਾ ਹੈ ਕਿ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮਪ੍ਰੀਤ ਕੌਰ ਦਾ। ਉਨ੍ਹਾਂ ਨੇ ਦੱਸਿਆ ਕਿ ਇਸਦੇ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਪੋਰਟ ਜਾਂਚ ਦੇ ਉਪਰੰਤ ਬੰਧੂਆਂ ਬਾਲ ਮਜ਼ਦੂਰ ਡਿਕਲੇਅਰ ਕਰਦੀ ਹੈ, ਉਨ੍ਹਾਂ ਨੂੰ ਸਰਟੀਫਿਕੇਟ ਦੇ ਆਧਾਰ 'ਤੇ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਕੇਂਦਰ ਸਰਕਾਰ ਵਲੋਂ ਦਿੱਤੀ ਜਾਵੇਗੀ।
