ਮੋਹਾਲੀ ''ਚ ਮੋਟਰਸਾਈਕਲ ਸਵਾਰਾਂ ਨੇ ਮਾਸੂਮ ਬੱਚੇ ਨੂੰ ਕੀਤਾ ਅਗਵਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Friday, Aug 27, 2021 - 04:36 PM (IST)
ਮੋਹਾਲੀ (ਜੱਸੋਵਾਲ) : ਮੋਹਾਲੀ 'ਚ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਮਾਸੂਮ ਬੱਚੇ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚੇ ਦੀ ਦਾਦੀ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਲੋਕ ਉਸ ਕੋਲ ਆਏ ਅਤੇ ਚਾਹ ਬਣਾਉਣ ਲਈ ਕਿਹਾ। ਇੰਨਾ ਕਹਿੰਦੇ ਹੋਏ ਉਨ੍ਹਾਂ ਨੇ ਰੋ ਰਹੇ ਬੱਚੇ ਨੂੰ ਆਪਣੀ ਗੋਦੀ ਚੁੱਕ ਲਿਆ ਅਤੇ ਮੌਕਾ ਦੇਖਦੇ ਹੀ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਬੱਚੇ ਦੀ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ 2 ਦਿਨਾਂ ਤੋਂ ਕੁੱਝ ਨਹੀਂ ਖਾਧਾ ਹੈ। ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਦੁਸ਼ਮਣੀ ਹੈ।
ਸੋਹਾਣਾ ਥਾਣਾ ਪ੍ਰਭਾਰੀ ਭਗਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਦੋਸ਼ੀਆਂ ਵੱਲੋਂ ਕਿਸੇ ਤਰ੍ਹਾਂ ਦੀ ਫਿਰੌਤੀ ਦਾ ਫੋਨ ਪਰਿਵਾਰ ਨੂੰ ਨਹੀਂ ਆਇਆ ਹੈ। ਫਿਲਹਾਲ ਪੁਲਸ ਨੂੰ ਕੋਠੀਆਂ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਮਿਲੀ ਹੈ, ਜੋ ਕਿ ਧੁੰਦਲੀ ਹੈ। ਇਸ 'ਚ ਮੋਟਰਸਾਈਕਲ ਦਾ ਨੰਬਰ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਅਤੇ ਦੋਸ਼ੀਆਂ ਨੇ ਵੀ ਹੈੱਲਮੈੱਟ ਪਾਏ ਹੋਏ ਹਨ। ਪੁਲਸ ਵੱਲੋਂ ਜਾਂਚ ਜਾਰੀ ਹੈ।