11 ਸਾਲਾ ਲਾਵਾਰਿਸ ਲੜਕੇ ਨੂੰ ਰੇਲਵੇ ਪੁਲਸ ਨੇ ਕੀਤਾ ਚਾਈਲਡ ਲਾਈਨ ਦੇ ਸਪੁਰਦ

02/23/2018 7:55:19 AM

ਗਿੱਦੜਬਾਹਾ (ਕੁਲਭੂਸ਼ਨ) - ਅੱਜ ਇੱਥੇ ਸਵੇਰੇ ਸਮੇਂ ਰੇਲਵੇ ਪੁਲਸ ਨੂੰ ਸਟੇਸ਼ਨ ਤੋਂ ਇਕ 11 ਸਾਲਾ ਲਾਵਾਰਿਸ ਲੜਕਾ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਐੱਚ. ਸੀ. ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਲੜਕਾ ਆਪਣਾ ਨਾਂ ਰਾਹੁਲ ਦੱਸ ਰਿਹਾ ਹੈ, ਜਦਕਿ ਆਪਣੇ ਪਿਤਾ ਦਾ ਨਾਂ ਸੁਨੀਲ ਯਾਦਵ ਅਤੇ ਮਾਤਾ ਦਾ ਨਾਂ ਨੀਤਾ ਦੇਵੀ ਵਾਸੀ ਦਿੱਲੀ ਦੱਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਹ ਹੋਰ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਅਤੇ ਅਜਿਹਾ ਲੱਗ ਰਿਹਾ ਹੈ, ਜਿਵੇਂ ਉਹ ਪਰਿਵਾਰ ਨਾਲ ਨਾਰਾਜ਼ ਹੋ ਕੇ ਰੇਲ ਗੱਡੀ ਰਾਹੀਂ ਗਿੱਦੜਬਾਹਾ ਸਟੇਸ਼ਨ 'ਤੇ ਉਤਰਿਆ ਹੋਵੇ। ਲੜਕੇ ਨੂੰ ਜਾਂਚ-ਪੜਤਾਲ ਅਤੇ ਪਰਿਵਾਰ ਨਾਲ ਮਿਲਾਉਣ ਲਈ ਚਾਈਲਡ ਲਾਈਨ-1098 ਬਠਿੰਡਾ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਉਕਕ ਲੜਕੇ ਰਾਹੁਲ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਿੱਲੀ ਵਿਚ ਰਹਿੰਦੇ ਹਨ, ਜਦਕਿ ਉਹ ਪਾਨੀਪਤ ਸਥਿਤ ਆਪਣੇ ਮਾਮਾ ਲਤੇਸ਼ ਕੁਮਾਰ ਕੋਲ ਰਹਿੰਦਾ ਹੈ। ਚਾਈਲਡ ਲਾਈਨ-1098 ਬਠਿੰਡਾ ਦੇ ਸੈਂਟਰ ਕੋ-ਆਰਡੀਨੇਟਰ ਬਲਕਾਰ ਸਿੰਘ ਨੇ ਕਿਹਾ ਕਿ ਬੱਚਾ ਅਜੇ ਘਬਰਾਇਆ ਹੋਇਆ ਹੈ, ਜਿਸ ਨੂੰ ਬਠਿੰਡਾ ਲਿਜਾ ਕੇ ਪੁੱਛ-ਪੜਤਾਲ ਕਰ ਕੇ ਉਸ ਦੇ ਮਾਪਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਜੀ. ਆਰ. ਪੀ. ਦੇ ਗੁਰਵਿੰਦਰ ਸਿੰਘ ਅਤੇ ਜਗਰੂਪ ਸਿੰਘ ਵੀ ਮੌਜੂਦ ਸਨ।


Related News