20 ਹਜ਼ਾਰ ਬੱਚੇ ਤੇ 5 ਹਜ਼ਾਰ ਮਾਵਾਂ ਹੋ ਰਹੀਆਂ ਨੇ ਪ੍ਰਭਾਵਿਤ

Wednesday, Dec 06, 2017 - 07:30 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ) - ਪਿਛਲੇ 10 ਮਹੀਨਿਆਂ ਤੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਆਂਗਣਵਾੜੀ ਸੈਂਟਰਾਂ ਵਿਚ ਰਾਸ਼ਨ ਮੁੱਕਿਆ ਹੋਣ ਕਰਕੇ ਇਨ੍ਹਾਂ ਆਂਗਣਵਾੜੀ ਸੈਂਟਰਾਂ ਵਿਚ ਆਉਣ ਵਾਲੇ 20 ਹਜ਼ਾਰ ਬੱਚਿਆਂ ਤੇ 5 ਹਜ਼ਾਰ ਦੇ ਲਗਭਗ ਦੁੱਧ ਪਿਲਾਉਂਦੀਆਂ ਮਾਵਾਂ ਤੇ ਗਰਭਵਤੀ ਔਰਤਾਂ ਪ੍ਰਭਾਵਿਤ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਦੇ ਖਾਣ ਲਈ ਸੈਂਟਰਾਂ ਵਿਚੋਂ ਕੁਝ ਨਹੀਂ ਮਿਲ ਰਿਹਾ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਸੈਂਟਰਾਂ ਵਿਚ ਆਉਣ ਵਾਲੇ ਬੱਚਿਆਂ ਨੂੰ ਸਾਲ ਵਿਚ ਘੱਟੋ-ਘੱਟ 300 ਦਿਨ ਰਾਸ਼ਨ ਮਿਲਣਾ ਚਾਹੀਦਾ ਹੈ ਪਰ ਇਥੇ ਪੰਜਾਬ ਸਰਕਾਰ ਦਾ ਦੀਵਾਲਾ ਨਿਕਲਿਆ ਪਿਆ ਹੈ ਤੇ ਹਾਲ ਇੰਨਾ ਮਾੜਾ ਹੈ ਕਿ ਸਾਰਾ ਸਾਲ ਹੀ ਆਂਗਣਵਾੜੀ ਸੈਂਟਰਾਂ ਵਿਚ ਰਾਸ਼ਨ ਨਹੀਂ ਭੇਜਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲਾ ਪ੍ਰੋਗਰਾਮ ਅਫ਼ਸਰ ਜਗਮੇਲ ਸਿੰਘ ਨੂੰ ਮਿਲਿਆ ਤੇ ਇਕ ਮੰਗ-ਪੱਤਰ ਦੇ ਕੇ ਨੋਟਿਸ ਦਿੱਤਾ ਕਿ ਜੇਕਰ ਇਕ ਹਫ਼ਤੇ ਤੱਕ ਆਂਗਣਵਾੜੀ ਸੈਂਟਰਾਂ ਵਿਚ ਰਾਸ਼ਨ ਨਾ ਆਇਆ ਤਾਂ 12 ਦਸੰਬਰ ਨੂੰ ਉਨ੍ਹਾਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ।
ਆਗੂਆਂ ਨੇ ਦੱਸਿਆ ਕਿ ਜ਼ਿਲੇ ਦੇ 842 ਆਂਗਣਵਾੜੀ ਸੈਂਟਰਾਂ ਵਿਚ ਜਨਵਰੀ 2017 ਤੱਕ ਰਾਸ਼ਨ ਸੀ। ਕਾਂਗਰਸ ਸਰਕਾਰ ਨੇ ਤਾਂ ਆਪਣੇ ਰਾਜ ਭਾਗ ਵਿਚ ਅਜੇ ਤੱਕ ਨਿੱਕੇ ਪੈਸੇ ਦਾ ਰਾਸ਼ਨ ਖਰੀਦ ਕੇ ਨਹੀਂ ਭੇਜਿਆ।
ਜ਼ਿਲਾ ਪ੍ਰੋਗਰਾਮ ਅਫਸਰ ਜਗਮੇਲ ਸਿੰਘ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ 10 ਦਿਨਾਂ ਤੱਕ ਰਾਸ਼ਨ ਖਰੀਦ ਕੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਭੇਜ ਦਿੱਤਾ ਜਾਵੇਗਾ। ਵਿਭਾਗ ਵੱਲੋਂ ਲਗਭਗ 1 ਕਰੋੜ ਰੁਪਏ ਦਾ ਰਾਸ਼ਨ, ਜਿਸ ਵਿਚ ਸੁੱਕਾ ਦੁੱਧ, ਪੰਜੀਰੀ, ਘਿਓ, ਕਣਕ, ਚੌਲ ਆਦਿ ਸ਼ਾਮਲ ਹੈ, ਖਰੀਦਿਆ ਜਾਣਾ ਹੈ। ਇਸ ਮੌਕੇ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਇੰਦਰਾਪਾਲ ਕੌਰ ਤੇ ਸ਼ਿੰਦਰਪਾਲ ਕੌਰ ਝੀਂਡਵਾਲਾ ਮੌਜੂਦ ਸਨ।


Related News