ਰੰਜਿਸ਼ਨ 6 ਸਾਲਾ ਬੱਚਾ ਅਗਵਾ ਕਰਨ ਵਾਲੇ ਨੂੰ 3 ਸਾਲ ਦੀ ਕੈਦ
Saturday, Apr 13, 2019 - 10:32 AM (IST)

ਲੁਧਿਆਣਾ (ਮਹਿਰਾ)—ਰੰਜਿਸ਼ ਕਾਰਨ 6 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਸਥਾਨਕ ਵਧੀਕ ਸੈਸ਼ਨ ਜੱਜ ਕੇ. ਐੱਸ. ਭੁੱਲਰ ਦੀ ਅਦਾਲਤ ਨੇ ਦੋਸ਼ੀ ਗੁਰਬਚਨ ਵਰਮਾ ਉਰਫ ਛੋਟੂ ਨਿਵਾਸੀ ਪਿੰਡ ਬੁਕਤਾਨਾ (ਉੱਤਰ ਪ੍ਰਦੇਸ਼) ਨੂੰ 3 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਡਵੀਜ਼ਨ ਨੰ. 2 ਵਲੋਂ 11 ਅਗਸਤ 2016 ਨੂੰ ਦੋਸ਼ੀ ਵਿਰੁੱਧ ਧਾਰਾ 364 ਆਈ. ਪੀ. ਸੀ. ਤਹਿਤ ਸ਼ਿਕਾਇਤਕਰਤਾ ਰਾਮਾ ਨੰਦ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ 'ਚ ਦੋਸ਼ ਲਾਇਆ ਸੀ ਕਿ ਉਸ ਕੋਲ ਹੀ ਦੋਸ਼ੀ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਤੇ ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਦਾ ਸੀ, ਜਿਸ 'ਤੇ ਉਸ ਨੇ ਦੋਸ਼ੀ ਨੂੰ ਅਜਿਹਾ ਨਾ ਕਰਨ ਲਈ ਕਿਹਾ ਪਰ ਦੋਸ਼ੀ ਉਸ ਨੂੰ ਧਮਕਾਉਂਦਾ ਸੀ ਕਿ ਜੇਕਰ ਉਸ ਨੇ ਉਸ ਨੂੰ ਰੋਕਿਆ ਤਾਂ ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਸ਼ਿਕਾਇਤਕਰਤਾ ਮੁਤਾਬਕ 9 ਅਗਸਤ 2016 ਨੂੰ ਸ਼ਾਮ 5.30 ਵਜੇ ਜਦੋਂ ਉਸ ਨੇ ਦੋਸ਼ੀ ਨੂੰ ਮੁੜ ਸਮਝਾਇਆ ਤਾਂ ਦੋਸ਼ੀ ਨੇ ਉਸ ਦੇ ਨਾਲ ਗਾਲੀ-ਗਲੋਚ ਕੀਤਾ ਤੇ ਧਮਕੀ ਦਿੱਤੀ ਕਿ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਸ ਮੁਤਾਬਕ ਉਸੇ ਸ਼ਾਮ ਕਰੀਬ 7 ਵਜੇ ਉਸ ਦਾ ਛੋਟਾ ਲੜਕਾ ਨੀਰਜ (6) ਜੋ ਘਰ ਤੋਂ ਬਾਹਰ ਖੇਡਣ ਲਈ ਗਿਆ ਸੀ, ਵਾਪਸ ਘਰ ਨਹੀਂ ਆਇਆ। ਉਸ ਨੂੰ ਸ਼ੱਕ ਹੋਇਆ ਕਿ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕਰ ਲਿਆ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕੇਸ ਦਰਜ ਕਰਨ ਤੋਂ ਬਾਅਦ ਦੋਸ਼ੀ ਨੂੰ ਸ਼ੇਰਪੁਰ ਚੌਕ ਕੋਲ ਸ਼ਿਕਾਇਤਕਰਤਾ ਦੇ ਅਗਵਾ ਕੀਤੇ ਬੱਚੇ ਸਮੇਤ ਕਾਬੂ ਕਰ ਲਿਆ ਸੀ।