ਆਵਾਰਾ ਕੁੱਤਿਆਂ ਦਾ ਕਹਿਰ, 11 ਸਾਲਾ ਬੱਚੀ ਨੂੰ ਵੱਢਿਆ

Monday, Mar 09, 2020 - 03:54 PM (IST)

ਆਵਾਰਾ ਕੁੱਤਿਆਂ ਦਾ ਕਹਿਰ, 11 ਸਾਲਾ ਬੱਚੀ ਨੂੰ ਵੱਢਿਆ

ਮੋਹਾਲੀ (ਰਾਣਾ) : ਸੈਕਟਰ-88 ਸਥਿਤ ਪੂਰਬ ਅਪਾਰਟਮੈਂਟ 'ਚ ਇਕ 11 ਸਾਲਾ ਬੱਚੀ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ, ਉਹ ਤਾਂ ਸ਼ੁਕਰ ਰਿਹਾ ਕਿ ਉਥੋਂ ਲੰਘ ਰਹੇ ਇਕ ਨੌਜਵਾਨ ਨੇ ਬੱਚੀ ਨੂੰ ਬਚਾਅ ਲਿਆ, ਜਿਸ ਤੋਂ ਬਾਅਦ ਬੱਚੀ ਨੂੰ ਸੋਹਾਣਾ ਦੇ ਹੀ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਚੀ ਦੇ ਪਿਤਾ ਸੁਰਿੰਦਰ ਸਿੰਘ ਨੇ ਪੂਰਬ ਅਪਾਰਟਮੈਂਟ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਵਿਰੁੱਧ ਸੋਹਾਣਾ ਥਾਣਾ ਪੁਲਸ ਕੋਲ ਕੇਸ ਦਰਜ ਕਰਨ ਸਬੰਧੀ ਸ਼ਿਕਾਇਤ ਦਿੱਤੀ ਹੈ।

ਫਰਿਸ਼ਤਾ ਬਣ ਕੇ ਆਇਆ ਨੌਜਵਾਨ
ਪੀੜਤਾ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ 11 ਸਾਲਾ ਬੱਚੀ ਤਨਵੀਰ ਕੌਰ 6ਵੀਂ ਜਮਾਤ ਵਿਚ ਪੜ੍ਹਦੀ ਹੈ। ਉਨ੍ਹਾਂ ਦੀ ਇਕ ਦੁਕਾਨ ਵੀ ਹੈ, ਜੋ ਘਰ ਦੇ ਕੋਲ ਹੀ ਹੈ। ਬੀਤੇ ਸ਼ਨੀਵਾਰ ਸ਼ਾਮ 7 ਵਜੇ ਉਸ ਦੀ ਲੜਕੀ ਘਰੋਂ ਦੁਕਾਨ 'ਤੇ ਜਾ ਰਹੀ ਸੀ ਕਿ ਰਸਤੇ 'ਚ ਬੈਠੇ ਆਵਾਰਾ ਕੁੱਤਿਆਂ ਵਿਚੋਂ ਇਕ ਉਸ 'ਤੇ ਝਪਟ ਪਿਆ, ਜਿਸ ਤੋਂ ਬਾਅਦ ਉਸ ਦੀ ਬੱਚੀ ਦੀ ਚੀਖਣ ਦੀ ਆਵਾਜ਼ ਸੁਣ ਕੇ ਕੋਲੋਂ ਲੰਘ ਰਹੇ ਇਕ ਨੌਜਵਾਨ ਨੇ ਬੜੀ ਮੁਸ਼ਕਲ ਨਾਲ ਉਸ ਦੀ ਬੱਚੀ ਨੂੰ ਆਵਾਰਾ ਕੁੱਤੇ ਦੇ ਚੁੰਗਲ 'ਚੋਂ ਬਚਾਇਆ। ਸੁਰਿੰਦਰ ਨੇ ਕਿਹਾ ਕਿ ਜੇਕਰ ਉਹ ਨੌਜਵਾਨ ਸਮੇਂ 'ਤੇ ਨਾ ਪੁੱਜਦਾ ਤਾਂ ਉਸ ਦੀ ਲੜਕੀ ਦੇ ਨਾਲ ਕੁਝ ਵੀ ਹੋ ਸਕਦਾ ਸੀ ਕਿਉਂਕਿ ਨੇੜੇ-ਤੇੜੇ ਉਸ ਦੀ ਆਵਾਜ਼ ਸੁਣਨ ਵਾਲਾ ਕੋਈ ਵੀ ਨਹੀਂ ਸੀ।

ਛੇਤੀ ਹੋਣਾ ਚਾਹੀਦੈ ਕੇਸ ਦਰਜ
ਸੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜੋ ਪੂਰਬ ਅਪਾਰਟਮੈਂਟ ਦੀ ਐਸੋਸੀਏਸ਼ਨ ਹੈ ਅਤੇ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਉਸ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਉਸ ਵੱਲੋਂ ਇਸ ਸਬੰਧੀ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਦੇ ਮਹੱਲੇ ਵਿਚ 7-8 ਆਵਾਰਾ ਕੁੱਤੇ ਬੈਠੇ ਹੀ ਰਹਿੰਦੇ ਹਨ, ਜੋ ਛੋਟੇ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਵੱਢਣ ਲਈ ਟੁੱਟ ਪੈਂਦੇ ਹਨ। ਇਸ ਕਾਰਣ ਉਸ ਨੇ ਸੋਹਾਣਾ ਪੁਲਸ ਨੂੰ ਐਸੋਸੀਏਸ਼ਨ ਦੇ ਵਿਰੁੱਧ ਕੇਸ ਦਰਜ ਕਰਨ ਸਬੰਧੀ ਸ਼ਿਕਾਇਤ ਦਿੱਤੀ ਹੈ। ਸੁਰਿੰਦਰ ਨੇ ਕਿਹਾ ਕਿ ਅਜਿਹਾ ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਇਸ ਦਾ ਹੱਲ ਛੇਤੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰਬ ਅਪਾਰਟਮੈਂਟ ਵਿਚ ਇਕ ਸ਼ਿਫਟ ਵਿਚ 25 ਸੁਰੱਖਿਆ ਗਾਰਡਾਂ ਦੀ ਡਿਊਟੀ ਹੁੰਦੀ ਹੈ, ਉਸ ਦੇ ਬਾਵਜੂਦ ਵੀ ਆਵਾਰਾ ਕੁੱਤੇ ਕਿਵੇਂ ਅੰਦਰ ਵੜ ਜਾਂਦੇ ਹਨ।

ਟੀਮਾਂ ਕਈ ਵਾਰ ਫੜ ਕੇ ਲਿਜਾ ਚੁੱਕੀਆਂ ਹਨ ਕੁੱਤੇ
ਪੂਰਬ ਅਪਾਰਟਮੈਂਟ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਦਲਵਿੰਦਰ ਸਿੰਘ ਨੇ ਖੁਦ ਅਤੇ ਐਸੋਸੀਏਸ਼ਨ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਵਾਰਾ ਕੁੱਤਿਆਂ ਸਬੰਧੀ ਡਿਪਟੀ ਕਮਿਸ਼ਨਰ ਦੇ ਨਾਲ-ਨਾਲ ਨਗਰ ਨਿਗਮ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਨਿਗਮ ਦੀ ਟੀਮ ਆਵਾਰਾ ਕੁੱਤਿਆਂ ਨੂੰ ਫੜ ਕੇ ਵੀ ਲੈ ਕੇ ਗਈ ਹੈ ਪਰ ਸਭ ਤੋਂ ਵੱਡੀ ਸਮੱਸਿਆ ਸੋਸਾਇਟੀ ਦੇ ਹੀ ਕੁਝ ਲੋਕ ਹਨ, ਜੋ ਆਵਾਰਾ ਕੁੱਤਿਆਂ ਨੂੰ ਖਾਣਾ ਦਿੰਦੇ ਹਨ ਅਤੇ ਇਸ ਕਾਰਣ ਉਹ ਫਿਰ ਵਾਪਸ ਆ ਜਾਂਦੇ ਹਨ। ਦਲਵਿੰਦਰ ਸਿੰਘ ਨੇ ਕਿਹਾ ਕਿ ਜਿਸ ਬੱਚੀ ਨੂੰ ਕੁੱਤੇ ਨੇ ਵੱਢਿਆ ਹੈ ਉਸ ਦੇ ਨਾਲ ਉਸ ਨੂੰ ਹਮਦਰਦੀ ਹੈ ਪਰ ਜੋ ਉਨ੍ਹਾਂ ਦੀ ਐਸੋਸੀਏਸ਼ਨ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਉਹ ਗਲਤ ਹਨ ਕਿਉਂਕਿ ਉਨ੍ਹਾਂ ਦੀ ਸਮੱਸਿਆ ਕੁਝ ਹੋਰ ਹੈ ਅਤੇ ਉਹ ਉਸ ਤੋਂ ਬਚਣ ਲਈ ਇਹ ਸਭ ਕੁਝ ਕਰਨ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰਦੇ ਹੋ ਓ. ਐੱਲ. ਐਕਸ. ਦੀ ਵਰਤੋਂ ਤਾਂ ਜ਼ਰਾ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ     


author

Anuradha

Content Editor

Related News