ਆਬਕਾਰੀ ਆਮਦਨ ਦੇ ਅੰਕੜਿਆਂ ਬਾਰੇ ਝੂਠ ਬੋਲ ਰਹੇ ਹਨ ਮੁੱਖ ਮੰਤਰੀ : ਮਜੀਠੀਆ

05/16/2020 8:25:51 PM

ਚੰਡੀਗੜ੍ਹ, (ਜ. ਬ.)— ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੌਰਾਨ ਆਬਕਾਰੀ ਆਮਦਨ 'ਚ ਵਾਧਾ ਵਿਖਾਉਣ ਲਈ ਅੰਕੜਿਆਂ ਨੂੰ ਤੋੜ ਮਰੋੜ ਰਹੇ ਹਨ ਅਤੇ ਲੋਕਾਂ ਅੱਗੇ ਝੂਠ ਬੋਲ ਰਹੇ ਹਨ। ਪਾਰਟੀ ਨੇ ਕਿਹਾ ਕਿ ਜਿੱਥੋਂ ਤਕ ਪਿਛਲੇ ਤਿੰਨ ਸਾਲਾਂ ਦੌਰਾਨ ਸ਼ਰਾਬ ਤੋਂ ਹੋਣ ਵਾਲੀ ਟੈਕਸਾਂ ਦੀ ਉਗਰਾਹੀ ਦਾ ਸਬੰਧ ਹੈ, ਕਾਂਗਰਸ ਸਰਕਾਰ ਨੇ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਕਾਲੀ ਦਲ ਨੇ ਕਾਂਗਰਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ 'ਤੇ ਵੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 2 ਹਜ਼ਾਰ ਕਰੋੜ ਦੇ ਨਾਜਾਇਜ਼ ਸ਼ਰਾਬ ਘਪਲੇ ਅਤੇ ਕਾਂਗਰਸੀ ਮੰਤਰੀਆਂ ਦੇ ਕਹਿਣ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਹੋਏ 3,600 ਕਰੋੜ ਦੇ ਆਬਕਾਰੀ ਆਮਦਨ ਦੇ ਨੁਕਸਾਨ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ 'ਚ ਬਣਾਈ ਇਕ ਕਮੇਟੀ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ।
ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਵੱਲੋਂ ਕਾਰਜਪਾਲਿਕਾ ਦੀ ਸ਼ਕਤੀ 'ਤੇ ਉਠਾਏ ਸਵਾਲ ਮਗਰੋਂ ਪੈਦਾ ਹੋਇਆ ਸੰਵਿਧਾਨਿਕ ਸੰਕਟ ਹੁਣ ਆਬਕਾਰੀ ਘਾਟੇ 'ਤੇ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਪ੍ਰਗਟਾਏ ਬਿਲਕੁਲ ਹੀ ਵਿਰੋਧੀ ਵਿਚਾਰਾਂ ਨਾਲ ਹੋਰ ਡੂੰਘਾ ਹੋ ਗਿਆ ਹੈ। ਮੁੱਖ ਮੰਤਰੀ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਆਬਕਾਰੀ ਆਮਦਨ ਦੇ ਹੋਏ ਨੁਕਸਾਨ ਸਬੰਧੀ ਸਹੀ ਜਾਣਕਾਰੀ ਦੇਣ ਲਈ ਆਖਦਿਆਂ ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਬਿਆਨ ਦੇਣ ਲਈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ 'ਚ 3600 ਕਰੋੜ ਦਾ ਘਾਟਾ ਪਿਆ ਹੈ, ਆਪਣੇ ਕੈਬਨਿਟ ਸਾਥੀਆਂ ਖ਼ਿਲਾਫ ਕਾਰਵਾਈ ਕਰਨਗੇ? ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਕੀ ਉਹ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਹਿਮਤ ਹਨ ਕਿ ਆਬਕਾਰੀ ਆਮਦਨ 'ਚ ਘਾਟੇ ਦੀ ਬਜਾਏ ਸੂਬੇ ਨੇ ਹਰ ਸਾਲ ਔਸਤ 1.6 ਫੀਸਦੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕੌਣ ਝੂਠ ਬੋਲ ਰਿਹਾ ਹੈ? ਮੁੱਖ ਮੰਤਰੀ ਜਾਂ ਮੰਤਰੀ।
ਅਕਾਲੀ ਆਗੂਆਂ ਨੇ ਸਰਕਾਰੀ ਖਜ਼ਾਨਾ ਲੁੱਟਣ ਅਤੇ ਸੈਨੇਟਾਈਜ਼ਰਾਂ ਲਈ ਇਸਤੇਮਾਲ ਹੁੰਦੇ ਈਥਾਇਲ ਅਲਕੋਹਲ ਨਾਲ ਨਕਲੀ ਸ਼ਰਾਬ ਬਣਾ ਕੇ ਸ਼ਰਾਬ ਪੀਣ ਵਾਲਿਆਂ ਦੀ ਜ਼ਿੰਦਗੀ ਖਤਰੇ 'ਚ ਪਾਉਣ ਲਈ ਕਾਂਗਰਸੀ ਆਗੂਆਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਨਾਲ ਇਹ ਸੁਨੇਹਾ ਜਾ ਰਿਹਾ ਹੈ ਕਿ ਇਹ ਸ਼ਰਾਬ ਮਾਫੀਆ ਨਾਲ ਅੰਦਰਖਾਤੇ ਮਿਲੀ ਹੋਈ ਹੈ, ਜਿਸ ਨੂੰ ਕਿ ਕਾਂਗਰਸੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਖਾਸ ਬੰਦਿਆਂ ਰਾਹੀਂ ਇਕ ਨਕਲੀ ਸ਼ਰਾਬ ਫੈਕਟਰੀ ਚਲਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਕੰਬੋਜ਼ ਨੂੰ ਗ੍ਰਿਫਤਾਰ ਨਾ ਕਰਨ ਜਾਂ ਖੰਨਾ ਵਿਚ ਨਕਲੀ ਸ਼ਰਾਬ ਫੈਕਟਰੀ ਦੀ ਪੁਸ਼ਤਪਨਾਹੀ ਕਰਨ ਵਾਲੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਨਾ ਕਰਨ ਦੀ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ।
ਇਸ ਦੌਰਾਨ ਡੇਰਾ ਬੱਸੀ ਦੇ ਵਿਧਾਇਕ ਐੱਨ. ਕੇ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਘਨੌਰ ਵਿਚਲੀ ਨਕਲੀ ਸ਼ਰਾਬ ਦੀ ਫੈਕਟਰੀ ਦੇ ਜ਼ੀਰਕਪੁਰ ਵਾਲੇ ਠੇਕੇ ਤੋਂ ਇਕ ਲਾਈਟ ਸਟਿੰਗ ਆਪਰੇਸ਼ਨ ਕਰਕੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਗੈਰ-ਕਾਨੂੰਨੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਸੀ। 2 ਮਈ ਨੂੰ ਸਬੰਧਤ ਏ. ਈ. ਟੀ. ਸੀ. ਨਾਲ ਵੀ ਗੱਲ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।


KamalJeet Singh

Content Editor

Related News