ਮੁੱਖ ਮੰਤਰੀ ਤੇ ਰਾਜਪਾਲ ਮੁੜ ਹੋਏ ਆਹਮੋ-ਸਾਹਮਣੇ, CM ਮਾਨ ਨੇ ਵੀਡੀਓ ਸਾਂਝੀ ਕਰ ਕਹੀ ਇਹ ਗੱਲ
Tuesday, Jun 13, 2023 - 12:27 AM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਇਕ ਵਾਰ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੇਰੀਸ ਸਰਕਾਰ ਦੇ ਮਾਮਲੇ ਸਬੰਧੀ ਦਿੱਤੇ ਗਏ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਾਣਯੋਗ ਰਾਜਪਾਲ ਸਾਬ੍ਹ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ। ਮਾਨ ਨੇ ਕਿਹਾ ਕਿ ਪਹਿਲਾਂ ਤੁਸੀਂ ‘ਮਾਈ ਗਵਰਨਮੈਂਟ’ ਕਿਹਾ, ਫਿਰ ਵਿਰੋਧੀ ਧਿਰ ਦੇ ਕਹਿਣ ’ਤੇ ਤੁਸੀਂ ਸਿਰਫ ‘ਗਵਰਨਮੈਂਟ’ ਕਹਿਣ ਲੱਗ ਪਏ। ਇਸ ਦੌਰਾਨ ਜਦੋਂ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ, ਓਹੀ ਬੋਲਣਾ ਪਵੇਗਾ ਤਾਂ ਤੁਸੀਂ ਮੈਨੂੰ ਸਹੀ ਠਹਿਰਾਉਂਦੇ ਹੋਏ ‘ਮਾਈ ਗਵਰਨਮੈਂਟ’ ਕਹਿਣ ਲੱਗ ਪਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਸਾਬ੍ਹ ਮੈਂ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
ਮਾਣਯੋਗ ਰਾਜਪਾਲ ਸਾਹਬ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ… pic.twitter.com/TmtvGplIl0
— Bhagwant Mann (@BhagwantMann) June 12, 2023
ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੰਤਰੀ ਮੰਡਲ ਦੀ ਮੀਟਿੰਗ ’ਚ ਸਰਕਾਰ ਦੀਆਂ ਜੋ ਪ੍ਰਾਪਤੀਆਂ ਹੁੰਦੀਆਂ ਹਨ, ਉਹ ਲਿਖ ਕੇ ਰਾਜਪਾਲ ਨੂੰ ਦਿੱਤੀਆਂ ਜਾਂਦੀਆਂ ਹਨ ਕਿ ‘ਮੇਰੀ ਸਰਕਾਰ’ ਦੀਆਂ ਪ੍ਰਾਪਤੀਆਂ ਹਨ। ਮਾਨ ਨੇ ਕਿਹਾ ਕਿ ਰਾਜਪਾਲ ਨੇ ਵਿਧਾਨ ਸਭਾ ’ਚ ਆ ਕੇ ਕਿਹਾ ਕਿ ਮੈਂ ‘ਮੇਰੀ ਸਰਕਾਰ’ ਨਹੀਂ ਕਹਾਂਗਾ, ਇਸ ’ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਫਿਰ ਕਿਸ ਦੀ ਸਰਕਾਰ ਹੈ ਤੇ ਇਸ ਨੂੰ ਲੈ ਕੇ ਮੈਨੂੰ ਸੁਪਰੀਮ ਕੋਰਟ ਜਾਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਗਿਆ ਭਾਸ਼ਣ ਹੈ ਤੇ ਤੁਹਾਨੂੰ ਇਹ ਅੱਖਰ ਅੱਖਰ ਇਸੇ ਤਰ੍ਹਾਂ ਪੜ੍ਹਨਾ ਪਵੇਗਾ, ਇਸ ਤੋਂ ਬਾਅਦ ਰਾਜਪਾਲ ਨੂੰ ਜੋ ਲਿਖਿਆ ਸੀ, ਉਹੀ ਬੋਲਣਾ ਪਿਆ।
ਰਾਜਪਾਲ ਨੇ ਚੰਡੀਗੜ੍ਹ ਸਕੱਤਰੇਤ ’ਚ ਪੰਜਾਬ ਵਿਧਾਨ ਸਭਾ ਦੇ ਅੰਦਰ ‘ਮੇਰੀ ਸਰਕਾਰ’ ਦੇ ਮਸਲੇ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਮਸਲਾ ਯਾਦ ਨਹੀਂ ਹੈ। ਰਾਜਪਾਲ ਤੋਂ ਪੁੱਛਿਆ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਰਾਜਪਾਲ ਨੇ ਵਿਧਾਨ ਸਭਾ ਦੇ ਅੰਦਰ ‘ਮੇਰੀ ਸਰਕਾਰ’ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ’ਤੇ ਰਾਜਪਾਲ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਯਾਦ ਨਹੀਂ ਆ ਰਿਹਾ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਨੂੰ ਯਾਦ ਹੁੰਦਾ। ਰਾਜਪਾਲ ਨੇ ਇੱਥੋਂ ਤਕ ਕਿਹਾ ਕਿ ਉਹ ਸਪੀਚ ਦੇ ਰਹੇ ਸਨ ਤਾਂ ਬਾਕੀਆਂ ਨੇ ਵੀ ਤਾਂ ਸੁਣਿਆ ਹੀ ਹੋਵੇਗਾ। ਇਸ ਦੀ ਵੀਡੀਓ ਵੀ ਹੋਵੇਗੀ। ਹਾਲਾਂਕਿ ਰਾਜਪਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੇਰੀ ਸਰਕਾਰ ਬੋਲਣ ’ਤੇ ਕੋਈ ਸੰਕੋਚ ਨਹੀਂ ਹੈ ਕਿਉਂਕਿ ਇਹ ਮੇਰੀ ਹੀ ਸਰਕਾਰ ਹੈ। ਮੈਂ ਰਾਜਪਾਲ ਹਾਂ ਅਤੇ ਮੇਰੇ ਹੀ ਨਾਂ ਤੋਂ ਸਾਰੇ ਆਰਡਰ ਨਿਕਲਦੇ ਹਨ। ਇਸ ਲਈ ਮੇਰੀ ਸਰਕਾਰ ਨੂੰ ਵੀ ਮੇਰੇ ਨਾਲ ਉਂਝ ਹੀ ਵਰਤਾਓ ਵੀ ਕਰਨਾ ਚਾਹੀਦਾ ਹੈ।