ਮੁੱਖ ਮੰਤਰੀ ਚੰਨੀ ਨੇ ਰਾਤ ਡੇਢ ਵਜੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Thursday, Oct 07, 2021 - 03:03 AM (IST)
ਮੋਰਿੰਡਾ(ਅਰਨੌਲੀ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਤ ਡੇਢ ਵਜੇ ਮੋਰਿੰਡਾ ਸਥਿਤ ਅਪਣੀ ਰਿਹਾਇਸ਼ ’ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਚੰਨੀ ਦੇ ਸਥਾਨਕ ਦਫਤਰ ਇੰਚਾਰਜ ਹਰਜੋਤ ਸਿੰਘ ਢੰਗਰਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਜਿੱਥੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਦਿਨ- ਰਾਤ ਕੰਮ ਕਰ ਰਹੇ ਹਨ , ਉੱਥੇ ਹੀ ਉਹ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਸਰਗਰਮ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਰਾਤ ਡੇਢ ਵਜੇ ਆਪਣੀ ਮੋਰਿੰਡਾ ਰਿਹਾਇਸ਼ ’ਤੇ ਪਹੁੰਚ ਕੇ ਸਥਾਨਕ ਕੌਂਸਲਰਾਂ ਅਤੇ ਕਾਂਗਰਸੀ ਵਰਕਰਾਂ ਸਮੇਤ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ- ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਬਰਦਾਸ਼ਤ : ਗਿਲਜੀਆਂ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਥਾਨਕ ਰਾਣਾ ਪ੍ਰਤਾਪ ਚੌਕ ਤੋਂ ਅੰਡਰਬ੍ਰਿਜ ਤਕ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਸ਼ਹਿਰ ਵਿਚ ਸੀਵਰੇਜ ਪਾਉਣ ਦੇ ਕੰਮ ਨੂੰ ਜਲਦੀ ਸ਼ੁਰੂ ਕਰਨ ਦੇ ਨਾਲ-ਨਾਲ ਹੋਰਨਾਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਮੁੱਖ ਮੰਤਰੀ ਚੰਨੀ ਦੇ ਓ. ਐੱਸ. ਡੀ. ਸਨੂੰ ਦੱਤ, ਸਿਕੰਦਰ ਸਿੰਘ ਚੱਕਲਾਂ, ਰਾਜਪ੍ਰੀਤ ਸਿੰਘ ਰਾਜੀ, ਰਿੰਪੀ ਕੁਮਾਰ (ਦੋਵੇਂ ਕੌਂਸਲਰ), ਸਮਾਜਸੇਵੀ ਸੰਗਤ ਸਿੰਘ ਭਾਮੀਆਂ, ਰਵੀ ਮੜੌਲੀ, ਵਰਿੰਦਰ ਸਿੰਘ, ਧਰਮਿੰਦਰ ਸਿੰਘ ਮੱਖਣ, ਡਿਪਟੀ ਕਮਿਸ਼ਨਰ ਸੋਲਾਨੀ ਗਿਰੀ, ਐੱਸ. ਐੱਸ. ਪੀ. ਰੂਪਨਗਰ, ਤਹਿਸੀਲਦਾਰ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਅਤੇ ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ ਆਦਿ ਹਾਜ਼ਰ ਸਨ।