ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਨੂੰ ਦਿੱਤੇ ਜਿੱਤ ਦੇ ਟਿਪਸ

Wednesday, Mar 20, 2024 - 11:56 PM (IST)

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਨੂੰ ਦਿੱਤੇ ਜਿੱਤ ਦੇ ਟਿਪਸ

ਜਲੰਧਰ (ਧਵਨ)– ਪੰਜਾਬ ’ਚ ਲੋਕ ਸਭਾ ਚੋਣਾਂ ਲਈ ਪੋਲਿੰਗ ’ਚ ਅਜੇ ਲੰਮਾ ਸਮਾਂ ਬਾਕੀ ਰਹਿੰਦਾ ਹੈ। ਇਸ ਕਾਰਨ ਹਰੇਕ ਸਿਆਸੀ ਪਾਰਟੀ ਆਪੋ-ਆਪਣੀ ਚੋਣ ਰਣਨੀਤੀ ਬਣਾਉਣ ’ਚ ਜੁਟੀ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦੇ ਟਿਪਸ ਦਿੱਤੇ ਹਨ। ਮੁੱਖ ਮੰਤਰੀ ਆਪਣੇ ਉਮੀਦਵਾਰਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਲੰਮੀ ਚੋਣ ਮੁਹਿੰਮ ਦਾ ਸਾਹਮਣਾ ਉਨ੍ਹਾਂ ਨੇ ਕਿਵੇਂ ਕਰਨਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ’ਚ 13 ਲੋਕ ਸਭਾ ਸੀਟਾਂ ਲਈ ਪੋਲਿੰਗ 1 ਜੂਨ ਨੂੰ ਹੋਣੀ ਹੈ। ਮੁੱਖ ਮੰਤਰੀ ਨੇ ਆਪਣੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਅਜੇ ਸ਼ੁਰੂ ’ਚ ਜ਼ਿਆਦਾ ਤੇਜ਼ੀ ਨਹੀਂ ਕੀਤੀ ਜਾਣੀ ਚਾਹੀਦੀ। ਅਜੇ ਪਾਰਟੀ ਉਮੀਦਵਾਰਾਂ ਨੇ ਛੋਟੀਆਂ-ਛੋਟੀਆਂ ਬੈਠਕਾਂ ਵੱਲ ਫੋਕਸ ਕਰਨਾ ਹੈ। ਉਮੀਦਵਾਰਾਂ ਨੇ ਪਾਰਟੀ ਦੇ ਵਾਲੰਟੀਅਰਸ ਦੇ ਘਰਾਂ ’ਚ ਜਾਣਾ ਹੈ ਤੇ ਉਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ’ਚ ਸਰਗਰਮ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ

ਮੁੱਖ ਮੰਤਰੀ ਨੇ ਹੁਣ ਤਕ ‘ਆਪ’ ਵਲੋਂ ਐਲਾਨੇ 8 ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਹਰੇਕ ਲੋਕ ਸਭਾ ਸੀਟ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਨੇਤਾਵਾਂ ਨਾਲ ਬੈਠਕ ਕਰਨ ਤੇ ਉਨ੍ਹਾਂ ਨਾਲ ਚੋਣ ਰਣਨੀਤੀ ਬਣਾਉਣ। ਉਨ੍ਹਾਂ ਪਾਰਟੀ ਦੇ ਉਮੀਦਵਾਰਾਂ ਨੂੰ ਇਹ ਵੀ ਕਿਹਾ ਹੈ ਕਿ ਇਕ ਵਾਰ ਜਦੋਂ ਚੋਣ ਨੋਟੀਫਿਕੇਸ਼ਨ ਪੰਜਾਬ ਲਈ ਜਾਰੀ ਹੋਵੇਗਾ ਤਾਂ ਉਨ੍ਹਾਂ ਨੂੰ ਤੇਜ਼ੀ ਵਿਖਾਉਣੀ ਪਵੇਗੀ ਤੇ ਉਸ ਵੇਲੇ ਉਮੀਦਵਾਰਾਂ ਨੂੰ ਹਮਲਾਵਰਤਾ ਵਿਖਾਉਂਦਿਆਂ ਵੱਡੀਆਂ ਸਭਾਵਾਂ ਕਰਨੀਆਂ ਹੋਣਗੀਆਂ।

ਇਸ ਵਾਰ ਪੰਜਾਬ ’ਚ ਪੋਲਿੰਗ ਤੋਂ ਪਹਿਲਾਂ ਲਗਭਗ ਸਵਾ 2 ਮਹੀਨੇ ਦਾ ਲੰਮਾ ਸਮਾਂ ਬਾਕੀ ਹੈ। ਅਜਿਹੀ ਸਥਿਤੀ ’ਚ ਉਮੀਦਵਾਰਾਂ ਨੂੰ ਜਿਥੇ ਕਾਫ਼ੀ ਪਸੀਨਾ ਵਹਾਉਣਾ ਪਵੇਗਾ, ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਨੂੰ ਵੀ ਕਾਫ਼ੀ ਸਮਾਂ ਮਿਲ ਜਾਵੇਗਾ ਕਿ ਉਹ ਹਰੇਕ ਲੋਕ ਸਭਾ ਸੀਟ ’ਚ ਜਾ ਕੇ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਤੇ ਉਨ੍ਹਾਂ ਲਈ ਚੋਣ ਰਣਨੀਤੀ ਤਿਆਰ ਕਰਨ। ਮੁੱਖ ਮੰਤਰੀ ਨੇ ਸਾਰੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਚੇਅਰਪਰਸਨਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਚੋਣ ਮੁਹਿੰਮ ਚਲਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News