ਕੇਜਰੀਵਾਲ ਦਾ ਦਿੱਲੀ ਦੇ ਮਾਡਲ ਹੈਲਥ ਇਨਫਰਾਸਟਰੱਕਚਰ ਸਟੇਟ ਹੋਣ ਦਾ ਦਾਅਵਾ ਝੂਠ ਦਾ ਪੁਲੰਦਾ: ਸੰਦੀਪ ਦੀਕਸ਼ਿਤ

Friday, Oct 29, 2021 - 11:51 AM (IST)

ਜਲੰਧਰ (ਚੋਪੜਾ)– ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਨੂੰ ਮਾਡਲ ਹੈਲਥ ਇਨਫਰਾਸਟਰੱਕਚਰ ਸਟੇਟ ਹੋਣ ਦਾ ਭਰਮਾਊ ਪ੍ਰਚਾਰ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਅਸਲ ਵਿਚ ‘ਆਪ’ ਸਰਕਾਰ ਨੇ ਦਿੱਲੀ ਦੇ ਹੈਲਥ ਇਨਫਰਾਸਟਰੱਕਚਰ ਨੂੰ ਭ੍ਰਿਸ਼ਟਾਚਾਰ ਦੀ ਜਨਨੀ ਬਣਾ ਕੇ ਰੱਖ ਦਿਤਾ ਹੈ। ਉਕਤ ਦੋਸ਼ ਆਲ ਇੰਡੀਆ ਕਾਂਗਰਸ ਦੇ ਸਕੱਤਰ ਅਤੇ ਬੁਲਾਰੇ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਸਥਾਨਕ ਸਰਕਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਲਗਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਹੈਲਥ ਸੈਕਟਰ ਵਿਚ ਹੋਏ ਕੰਮਾਂ ਨੂੰ ਹੀ ਕੇਜਰੀਵਾਲ ਆਪਣੀਆਂ ਉਪਲੱਬਧੀਆਂ ਦੱਸ ਰਹੇ ਹਨ।

ਦੀਕਸ਼ਿਤ ਨੇ ਦੱਸਿਆ ਕਿ ਦਿੱਲੀ ਵਿਚ 1998 ਵਿਚ ਕਾਂਗਰਸ ਸਰਕਾਰ ਬਣੀ ਤਾਂ ਉਥੇ 18 ਸਰਕਾਰੀ ਹਸਪਤਾਲ ਅਤੇ 4000 ਦੇ ਲਗਭਗ ਬੈੱਡ ਮੌਜੂਦ ਸਨ। ਕਾਂਗਰਸ ਨੇ 15 ਸਾਲਾਂ ਵਿਚ ਸਰਕਾਰੀ ਹਸਪਤਾਲਾਂ ਦੀ ਗਿਣਤੀ ਵਧਾ ਕੇ 39 ਕੀਤੀ, ਜਿਨ੍ਹਾਂ ਵਿਚ 12 ਹਜ਼ਾਰ ਦੇ ਲਗਭਗ ਨਵੇਂ ਬੈੱਡ ਬਣਾਏ ਗਏ ਸਨ ਪਰ ਕੇਜਰੀਵਾਲ ਸਰਕਾਰ ਬਣਨ ਤੋਂ ਬਾਅਦ ‘ਆਪ’ ਦੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਅੰਕੜਿਆਂ ਮੁਤਾਬਕ ਉਨ੍ਹਾਂ ਨੇ 10 ਸਥਾਨਾਂ ’ਤੇ ਨਵੇਂ ਹਸਪਤਾਲ ਅਤੇ 6000 ਨਵੇਂ ਬੈੱਡ ਬਣਾਉਣੇ ਸ਼ੁਰੂ ਕੀਤੇ ਸਨ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

ਦੀਕਸ਼ਿਤ ਨੇ ਕਿਹਾ ਕਿ ਕੋਵਿਡ ਦੌਰਾਨ ਸਾਰੀ ਸਥਿਤੀ ਜਗ ਜ਼ਾਹਿਰ ਹੋ ਗਈ ਹੈ ਕਿ 10 ਹਸਪਤਾਲਾਂ ਵਿਚ ਸਿਰਫ਼ ਦੁਆਰਕਾ ਦਾ ਹਸਪਤਾਲ ਅੱਧਾ ਬਣ ਸਕਿਆ ਹੈ। ਜੇਕਰ ਕੇਜਰੀਵਾਲ ਆਪਣੀ ਸਰਕਾਰ ਦੇ ਦਾਅਵੇ ਮੁਤਾਬਕ ਨਵੇਂ ਹਸਪਤਾਲ ਅਤੇ ਬੈੱਡ ਬਣਾ ਦਿੰਦੇ ਤਾਂ ਦਿੱਲੀ ਵਿਚ ਮਰੀਜ਼ਾਂ ਦੇ ਇਲਾਜ ਲਈ ਅੱਜ 49 ਹਸਪਤਾਲ ਅਤੇ 18 ਹਜ਼ਾਰ ਬੈੱਡ ਹੋਣੇ ਸਨ, ਜਿਸ ਨਾਲ ਕੋਰੋਨਾ ਨਾਲ ਮਰਨ ਵਾਲੇ ਜ਼ਿਆਦਾਤਰ ਲੋਕ ਬਚ ਸਕਦੇ ਸਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਹੋਈਆਂ ਮੌਤਾਂ ਲਈ ਦਿੱਲੀ ਸਰਕਾਰ ਜ਼ਿੰਮੇਵਾਰ ਹੈ। ਕੇਜਰੀਵਾਲ ਸਰਕਾਰ ਨੇ ਜੋ ਪੈਸੇ ਹੈਲਥ ਸੈਕਟਰ ਵਿਚ ਖਰਚ ਕਰਨੇ ਸਨ, ਉਨ੍ਹਾਂ ਨੂੰ ਫ੍ਰੀ ਬਿਜਲੀ-ਪਾਣੀ ਦੀ ਸਬਸਿਡੀ ਵਿਚ ਖਰਚ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸਾਲ 2013 ਵਿਚ ਦਿੱਲੀ ਵਿਚ 605 ਡਿਸਪੈਂਸਰੀਆਂ ਸਨ, ਜੋ 2019 ਵਿਚ ਘਟ ਹੋ ਕੇ 540 ਰਹਿ ਗਈਆਂ। ਦਿੱਲੀ ਸਰਕਾਰ ਦੇ ਅੰਕੜੇ ਕਹਿੰਦੇ ਹਨ ਕਿ ਐਲੋਪੈਥੀ ਵਿਚ 240 ਅਤੇ 193 ਮੁਹੱਲਾ ਕਲੀਨਿਕ ਬਣਾਈਆਂ ਗਈਆਂ ਹਨ, ਜਦਕਿ ਡਿਸਪੈਂਸਰੀਆਂ ਬੰਦ ਕਰ ਕੇ ਮੁਹੱਲਾ ਕਲੀਨਿਕ ਬਣਾਉਣ ਦਾ ਢੋਂਗ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਦੇ ਅੰਕੜਿਆਂ ਨੂੰ ਮੰਨੀਏ ਤਾਂ ਸਿਰਫ਼ 30-35 ਸੈਕਿੰਡ ਵਿਚ ਇਕ ਮਰੀਜ਼ ਦਾ ਉਥੇ ਚੈੱਕਅਪ ਹੁੰਦਾ ਹੈ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ

ਦੀਕਸ਼ਿਤ ਨੇ ਦੋਸ਼ ਲਾਇਆ ਕਿ 90 ਫ਼ੀਸਦੀ ‘ਆਪ’ ਵਰਕਰਾਂ ਨੂੰ ਮੁਹੱਲਾ ਕਲੀਨਿਕ ਵਿਚ ਡਾਕਟਰ ਵਜੋਂ ਅਪੁਆਇੰਟਮੈਂਟ ਕੀਤਾ ਗਿਆ ਹੈ। ਡਾਕਟਰ ਨੂੰ ਹਰੇਕ ਮਰੀਜ਼ ਦੇਖਣ ਲਈ 35 ਤੋਂ 40 ਰੁਪਏ ਮਿਲਦੇ ਹਨ। ਡਾਕਟਰ ਜੇਕਰ ਕਹੇ ਕਿ ਉਸ ਨੇ 2000 ਮਰੀਜ਼ ਦੇਖੇ ਹਨ ਤਾਂ ਉਸਨੂੰ ਓਨੇ ਮਰੀਜ਼ਾਂ ਦਾ ਪੈਸਾ ਮਿਲਦਾ ਹੈ। ਉਨ੍ਹਾਂ ਨੇ ਖੁਦ ਪ੍ਰਿੰਸੀਪਲ ਹੈਲਥ ਸੈਕਟਰੀ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਝ ਸਥਾਨਾਂ ’ਤੇ ਮਾਨੀਟਰਿੰਗ ਸਿਸਟਮ ਬਣਾ ਰੱਖਿਆ ਹੈ। ਬਾਕੀ ਸਾਰੇ ਕਲੀਨਿਕ ਡਾਕਟਰ ਦੀ ਰਿਕਮੈਂਡੇਸ਼ਨ ’ਤੇ ਡਿਪੈਂਡ ਕਰਦੇ ਹਨ। ਦੀਕਸ਼ਿਤ ਨੇ ਕਿਹਾ ਕਿ ਕੋਵਿਡ-19 ਵੈਕਸੀਨੇਸ਼ਨ ਨੂੰ ਲੈ ਕੇ ਪੂਰੀ ਦੁਨੀਆ ਵਿਚ ਮੁਹਿੰਮ ਚੱਲ ਰਹੀ ਹੈ ਪਰ ਦਿੱਲੀ ਵਿਚ ਇਕ ਵੀ ਮੁਹੱਲਾ ਕਲੀਨਿਕ ਨੂੰ ਕੋਵਿਡ ਸੈਂਟਰ ਨਹੀਂ ਐਲਾਨਿਆ ਗਿਆ। ਵੈਕਸੀਨੇਸ਼ਨ ਲਈ ਕਮਿਊਨਿਟੀ ਸੈਂਟਰ, ਬੰਦ ਸਕੂਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਖੋਲ੍ਹਿਆ ਗਿਆ ਕਿਉਂਕਿ ਦਿੱਲੀ ਸਰਕਾਰ ਜਾਣਦੀ ਹੈ ਕਿ ਇਕ ਵੀ ਮੁਹੱਲਾ ਕਲੀਨਿਕ ਇੰਜੈਕਸ਼ਨ ਲਗਾਉਣ ਦੇ ਲਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੀਡਰਸ਼ਿਪ ਵਿਚ ਬਦਲਾਅ ਕਾਰਨ ‘ਆਪ’ ਦੀ ਅਸਲੀਅਤ ਦੇ ਖੁਲਾਸੇ ਕਰਨ ਵਿਚ ਦੇਰੀ ਹੋਈ ਹੈ ਪਰ ਹੁਣ ਦਿੱਲੀ ਦੇ ਕਾਂਗਰਸੀ ਨੇਤਾ ਕੇਜਰੀਵਾਲ ਦੇ ਹੈਲਥ, ਐਜੂਕੇਸ਼ਨ ਸੈਕਟਰ ਸਮੇਤ ਸਾਰੇ ਝੂਠ ਦਾ ਜਨਤਾ ਵਿਚ ਪਰਦਾਫਾਸ਼ ਕਰਨ ਦੀ ਮੁਹਿੰਮ ਸ਼ੁਰੂ ਕਰਨਗੇ। ਇਸ ਮੌਕੇ ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਬੁਲਾਰੇ ਗੌਤਮ ਸੇਠ ਵੀ ਮੌਜੂਦ ਸਨ।

ਕੈਪਟਨ ਅਮਰਿੰਦਰ ’ਚ ਨਵੀਂ ਪਾਰਟੀ ਬਣਾਉਣ ਦੀ ਸਮਰੱਥਾ ਨਹੀਂ, ਕਰਨਗੇ ਪੋਲੀਟੀਕਲ ਸੁਸਾਈਡ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਨੂੰ ਛੱਡਣ ਅਤੇ ਵੱਖਰੀ ਪਾਰਟੀ ਬਣਾਉਣ ਦੇ ਫ਼ੈਸਲੇ ’ਤੇ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲ ਸੁਸਾਈਡ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਚੰਗੇ ਲੀਡਰ ਸਨ ਪਰ ਉਨ੍ਹਾਂ ਦਾ ਬਣੇ ਬਣਾਏ ਜਹਾਜ਼ ’ਤੇ ਚੜ੍ਹਨ ਦਾ ਸੁਭਾਅ ਹੈ, ਉਨ੍ਹਾਂ ਵਿਚ ਨਵੀਂ ਪਾਰਟੀ ਬਣਾਉਣ ਦੀ ਸਮਰੱਥਾ ਨਹੀਂ ਹੈ। ਉਹ ਸਿਰਫ ਟੁੱਟੀ ਹੋਈ ਉਮੀਦ ਨੂੰ ਅੱਗੇ ਵਧਾਉਣ ਦਾ ਯਤਨ ਕਰਦੇ ਰਹੇ। ਦੀਕਸ਼ਿਤ ਨੇ ਕਿਹਾ ਕਿ ਦਿੱਲੀ ਵਿਚ ਆਪਸੀ ਲੜਾਈ ਕਾਰਨ ਕਾਂਗਰਸ ਸਰਕਾਰ ਨਹੀਂ ਬਣਾ ਸਕੀ ਪਰ ਪੰਜਾਬ ਵਿਚ ਪਾਰਟੀ ਨੂੰ ਜੋ ਡੈਮੇਜ ਹੋਇਆ ਸੀ, ਉਸ ਨੂੰ ਕਾਂਗਰਸ ਹਾਈਕਮਾਨ ਨੇ ਸਮੇਂ ਰਹਿੰਦੇ ਕੰਟਰੋਲ ਕਰ ਲਿਆ ਹੈ।

ਇਹ ਵੀ ਪੜ੍ਹੋ:  ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News