ਮੈਡੀਕਲ ਸਟੋਰ ਸੰਚਾਲਕ ਤੇ ਪੁਲਸ ’ਤੇ ਲੱਗੇ ਨੌਜਵਾਨ ਨੂੰ ਝੂਠੇ ਮਾਮਲੇ ’ਚ ਫਸਾਉਣ ਦੇ ਦੋਸ਼
Tuesday, Jul 03, 2018 - 02:48 AM (IST)

ਬਠਿੰਡਾ(ਸੁਖਵਿੰਦਰ)-ਇਕ ਪੀਡ਼ਤ ਅੌਰਤ ਵਲੋਂ ਮਾਲ ਰੋਡ ’ਤੇ ਸਥਿਤ ਨਾਮੀ ਮੈਡੀਕਲ ਸਟੋਰ ਦੇ ਮਾਲਕ ਅਤੇ ਪੁਲਸ ਅਧਿਕਾਰੀਆਂ ’ਤੇ ਉਸਦੇ ਪਤੀ ਨੂੰ ਝੂਠੇ ਮਾਮਲੇ ਵਿਚ ਫ਼ਸਾਉਣ ਦੇ ਦੋਸ਼ ਲਾਏ ਗਏ ਹਨ। ਪੀਡ਼ਤ ਅੌਰਤ ਨੇ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਨੂੰ ਪੱਤਰ ਭੇਜ ਕੇ ਇਨਸਾਫ਼ ਦੀ ਗੁਹਾਰ ਲਾਈ ਹੈ। ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦਿਅਾਂ ਰਾਜ ਬਾਲਾ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਦਾ ਪਤੀ ਮਾਲ ਰੋਡ ’ਤੇ ਸਥਿਤ ਇਕ ਮੈਡੀਕਲ ਸਟੋਰ ’ਤੇ ਕੰਮ ਕਰਦਾ ਸੀ। ਬੀਤੇ ਮਹੀਨੇ ਪੁਲਸ ਵਲੋਂ ਮੈਡੀਕਲ ਸਟੋਰ ’ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਪੁਲਸ ਨੇ ਉਕਤ ਮੈਡੀਕਲ ਸਟੋਰ ਤੋਂ ਨਸ਼ੇ ਵਾਲੀਆਂ ਦਵਾਈਅਾਂ ਬਰਾਮਦ ਕੀਤੀਅਾਂ ਸਨ। ਪੀਡ਼ਤ ਅੌਰਤ ਨੇ ਦੋਸ਼ ਲਾਇਆ ਕਿ ਪੁਲਸ ਵਲੋਂ ਮੈਡੀਕਲ ਸਟੋਰ ਦੇ ਮਾਲਕ ਨੂੰ ਬਚਾਉਣ ਲਈ ਉਕਤ ਕੇਸ ਉਸਦੇ ਪਤੀ ਸਿਰ ਪਾ ਦਿੱਤਾ। ਇਸ ਤੋਂ ਬਾਅਦ ਪੁਲਸ ਵਲੋਂ ਝੂਠੀ ਕਹਾਣੀ ਬਣਾ ਦਿੱਤੀ ਗਈ। ਪੀਡ਼ਤਾ ਨੇ ਕਿਹਾ ਕਿ ਗਰੀਬ ਹੋਣ ਕਾਰਨ ਉਕਤ ਦੋਵਾਂ ਵਲੋਂ ਉਸ ਦੇ ਪਤੀ ਨੂੰ ਐੱਨ.ਡੀ.ਪੀ.ਐੱਸ. ਦੇ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਉਸ ਨੇ ਮਾਣਯੋਗ ਹਾਈਕੋਰਟ ਨੂੰ ਪੱਤਰ ਭੇਜ ਕੇ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।