ਮੁੱਖ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ, ਨੁਮਾਇੰਦੀਆਂ ਨੂੰ ਕੀਤੀ ਇਹ ਬੇਨਤੀ

Monday, Jan 22, 2024 - 06:50 PM (IST)

ਮੁੱਖ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ, ਨੁਮਾਇੰਦੀਆਂ ਨੂੰ ਕੀਤੀ ਇਹ ਬੇਨਤੀ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ. ਵੱਲੋਂ ਪੰਜਾਬ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਰਾਜ ਦੀ ਫੋਟੋ ਵੋਟਰ ਸੂਚੀਆਂ (ਬਿਨਾਂ ਫੋਟੋ) ਦੀਆਂ ਸੀਡੀਜ਼ ਦਿੱਤੀਆਂ ਗਈਆਂ। ਸਿਬਿਨ ਸੀ. ਨੇ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਹਾਰਡ ਕਾਪੀ (ਫੋਟੋ ਸਮੇਤ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਬੀ. ਐੱਲ. ਓਜ਼ ਪਾਸ ਵੇਖਣ ਲਈ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ 22 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੱਕ ਪੰਜਾਬ ’ਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 12 ਲੱਖ 31 ਹਜ਼ਾਰ 916 ਹੈ। ਜਿਨ੍ਹਾਂ ’ਚੋਂ ਮਰਦ 1,11,75,220, ਔਰਤਾਂ 1,00,55,946  ਤੀਜਾ ਲਿੰਗ 750, ਐੱਨ. ਆਰ. ਆਈ. 1595, ਦਿਵਿਆਂਗ ਵੋਟਰ 1,65,410 ਅਤੇ ਸਰਵਿਸ ਵੋਟਰ 1,06,635 ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ’ਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,433 ਹੈ, ਜਿਸ ’ਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 7648 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,785 ਹੈ।

ਇਹ ਵੀ ਪੜ੍ਹੋ : ਵਿਧਾਇਕ ਪਠਾਣਮਾਜਰਾ ਵਲੋਂ ਘੜਾਮ ਵਿਖੇ ਵੱਡੇ ਪੱਧਰ ’ਤੇ ਮਾਤਾ ਕੌਸ਼ੱਲਿਆ ਮੰਦਰ ਦੇ ਨਿਰਮਾਣ ਦਾ ਐਲਾਨ

ਸਾਰੇ ਪੋਲਿੰਗ ਸਟੇਸ਼ਨ ਵੋਟਰਾਂ ਦੀ ਸਹੂਲਤ ਲਈ ਗਰਾਊਂਡ ਫਲੋਰ ’ਤੇ ਬਣਾਏ ਗਏ ਹਨ। ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਦੀ ਦੂਰੀ 2 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਈ. ਵੀ. ਐੱਮ. ਜਾਗਰੂਕਤਾ ਅਤੇ ਵੋਟਰ ਟਰਨਆਉਟ ਵਧਾਉਣ ਲਈ 3 ਵੈਨਾਂ ਚਲਾਈਆਂ ਗਈਆਂ ਹਨ। ਇਨ੍ਹਾਂ ਵੈਨਾਂ ਰਾਹੀਂ ਈ. ਵੀ. ਐੱਮ./ਵੀ. ਵੀ. ਪੈਟ ਮਸ਼ੀਨਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਹਰ ਇਕ ਪੋਲਿੰਗ ਸਟੇਸ਼ਨ ’ਤੇ ਆਪਣੇ-ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਮੀਟਿੰਗ ’ਚ ਉਪ ਮੁੱਖ ਚੋਣ ਅਫਸਰ ਭਾਰਤ ਭੂਸ਼ਨ ਬਾਂਸਲ ਅਤੇ ਚੋਣ ਅਫ਼ਸਰ ਅੰਜੂ ਬਾਲਾ ਵੀ ਹਾਜ਼ਰ ਸਨ। 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News