ਸਬਜ਼ੀਆਂ ਅਤੇ ਫਸਲਾਂ ਦੀ ਮਹਿੰਗਾਈ ਦੇ ਨਾਲ-ਨਾਲ ਆਂਡਿਆਂ ਸਮੇਤ ਚਿਕਨ ਦਾ ''ਤੜਕਾ''

Wednesday, Nov 08, 2017 - 04:47 PM (IST)

ਸਬਜ਼ੀਆਂ ਅਤੇ ਫਸਲਾਂ ਦੀ ਮਹਿੰਗਾਈ ਦੇ ਨਾਲ-ਨਾਲ ਆਂਡਿਆਂ ਸਮੇਤ ਚਿਕਨ ਦਾ ''ਤੜਕਾ''

ਜਲੰਧਰ (ਰਵਿੰਦਰ ਸ਼ਰਮਾ)— ਸਬਜ਼ੀਆਂ ਅਤੇ ਫਲਾਂ ਦੀ ਮਹਿੰਗਾਈ ਦੀ ਅੱਗ ਹਾਲਾਂ ਘੱਟ ਨਹੀਂ ਹੋਈ ਸੀ ਕਿ ਹੁਣ ਆਂਡਿਆਂ ਅਤੇ ਚਿਕਨ ਨੇ ਵੀ 'ਤੜਕਾ' ਲਾ ਦਿੱਤਾ ਹੈ। ਸਰਦੀ ਦੀ ਦਸਤਕ ਦੇ ਨਾਲ ਹੀ ਮਹਿੰਗਾਈ ਦੇ ਬੋਝ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਆਂਡੇ ਅਤੇ ਚਿਕਨ ਹੁਣ ਤੱਕ ਆਪਣੇ ਉੱਚੇ ਦਾਮ 'ਤੇ ਪਹੁੰਚ ਗਏ ਹਨ। ਅਕਤੂਬਰ ਦੇ ਮਹੀਨੇ ਵਿਚ ਆਂਡੇ ਹੋਲਸੇਲ ਰੇਟ ਵਿਚ 400 ਰੁਪਏ ਪ੍ਰਤੀ ਸੈਂਕੜਾ ਵਿਕ ਰਹੇ ਸਨ। ਨਵੰਬਰ ਦੇ ਸ਼ੁਰੂ ਵਿਚ ਹੀ 490 ਰੁਪਏ ਪ੍ਰਤੀ ਸੈਂਕੜੇ ਦੇ ਰੇਟ 'ਤੇ ਪਹੁੰਚ ਗਿਆ ਹੈ। ਰਿਟੇਲ ਮਾਰਕੀਟ ਵਿਚ ਆਂਡਾ 6 ਰੁਪਏ ਦਾ ਵਿਕ ਰਿਹਾ ਸੀ। ਮਾਰਕੀਟ ਵਿਚ ਉਬਲੇ ਆਂਡੇ ਦੀ ਕੀਮਤ 8 ਰੁਪਏ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਚਿਕਨ ਦੀ ਗੱਲ ਕਰੀਏ ਤਾਂ ਅਕਤੂਬਰ ਦੇ ਮਹੀਨੇ ਵਿਚ ਚਿਕਨ ਦਾ ਰੇਟ ਹੋਲਸੇਲ ਮਾਰਕੀਟ ਵਿਚ 150 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਨਵੰਬਰ ਮਹੀਨੇ ਵਿਚ ਹੁਣ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਰਿਟੇਲ ਮਾਰਕੀਟ ਵਿਚ ਡਿਮਾਂਡ ਘੱਟ ਗਈ ਹੈ। ਇਸ ਦੌਰਾਨ ਜਦੋਂ ਦਾਲਾਂ ਦਾ ਰੇਟ ਜ਼ਿਆਦਾ ਸੀ ਤਾਂ ਉਸ ਸਮੇਂ ਚਿਕਨ ਦਾਲਾਂ ਤੋਂ ਵੀ ਘੱਟ ਰੇਟ 'ਤੇ ਸੀ। ਲੋਕ ਦਾਲਾਂ ਦੀ ਬਜਾਏ ਚਿਕਨ ਖਾਣ ਨੂੰ ਤਰਜੀਹ ਦਿੰਦੇ ਸਨ। ਹੁਣ ਚਿਕਨ ਦੇ ਰੇਟ ਵਿਚ ਵਾਧਾ ਹੋਇਆ ਤਾਂ ਮਾਸਾਹਾਰੀ ਸ਼ੌਕੀਨਾਂ ਨੂੰ ਗਹਿਰੀ ਸੱਟ ਲੱਗੀ ਹੈ। 
ਜ਼ਿਕਰਯੋਗ ਹੈ ਕਿ ਫੈਸਟੀਵਲ ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਮਾਰਕੀਟ ਵਿਚ ਸਬਜ਼ੀਆਂ ਦੀ ਮੰਗ ਹੈ। ਟਮਾਟਰ ਲਗਾਤਾਰ ਮਹਿੰਗਾਈ ਕਾਰਨ 'ਲਾਲ' ਹੋ ਰਿਹਾ ਹੈ। ਦੂਜੇ ਪਾਸੇ ਪਿਆਜ਼ ਦੇ ਰੇਟ ਵੀ ਆਸਮਾਨ ਨੂੰ ਛੂਹ ਰਹੇ ਹਨ। ਟਮਾਟਰ ਅਤੇ ਪਿਆਜ਼ ਦੇ ਰੇਟ ਵਧਣ ਨਾਲ ਹੁਣ ਬਿਨਾਂ ਤੜਕਿਆਂ ਦੇ ਸਬਜ਼ੀ ਅਤੇ ਦਾਲ ਬਣਨ ਲੱਗੀ ਹੈ। ਸਰਕਾਰ ਇਸ ਖਰਾਬ ਫਸਲ ਨੂੰ ਜ਼ਿੰਮੇਵਾਰ ਠਹਿਰਾ ਰਹੀ। ਆਮ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਬਾਜ਼ਾਰ ਵਿਚ ਕਾਲਾਬਾਜ਼ਾਰੀ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਮਾਫੀਆ ਦੀ ਸ਼ਹਿ 'ਤੇ ਹਰ ਚੀਜ਼ ਦੇ ਰੇਟ ਤੈਅ ਕੀਤੇ ਜਾਂਦੇ ਹਨ। ਬਾਜ਼ਾਰ ਵਿਚ ਸਬਜ਼ੀ ਅਤੇ ਦਾਲਾਂ ਦਾ ਰੇਟ ਵਧਾ ਕੇ ਮਾਫੀਆ ਨੂੰ ਫਾਇਦਾ ਪਹੁੰਚਾਇਆ ਜਾਂਦਾ ਹੈ।


Related News