ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
Tuesday, Sep 23, 2025 - 06:28 PM (IST)

ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਸਾਬਕਾ ਮੰਤਰੀ ਸਵਰਗੀ ਹਰਮੇਲ ਸਿੰਘ ਟੌਹੜਾ (77), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਅੱਜ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਟੌਹੜਾ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਅਤੇ ਕੰਵਰਵੀਰ ਸਿੰਘ ਟੌਹੜਾ ਨੇ ਦਿਖਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐੱਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਮ੍ਰਿਤਕ ਦੇਹ 'ਤੇ ਰੀਥਾਂ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਟਿਆਲਾ ਪੁਲਸ ਦੀ ਟੁੱਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸਲਾਮੀ ਦਿੱਤੀ।
ਜ਼ਿਕਰਯੋਗ ਹੈ ਕਿ ਹਰਮੇਲ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਸਨ। ਉਹ 21 ਸਤੰਬਰ ਨੂੰ ਆਪਣੀ ਸੁਪਤਨੀ ਤੇ ਐੱਸ.ਜੀ.ਪੀ.ਸੀ. ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਪੁੱਤਰਾਂ ਹਰਿੰਦਰ ਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ, ਬੇਟੀਆਂ ਜਸਪ੍ਰੀਤ ਕੌਰ ਤੇ ਗੁਰਮਨਪ੍ਰੀਤ ਕੌਰ ਸਮੇਤ ਹੋਰ ਵੱਡੀ ਗਿਣਤੀ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਵਰਗੀ ਹਰਮੇਲ ਸਿੰਘ ਟੌਹੜਾ 1997 'ਚ ਡਕਾਲਾ ਵਿਧਾਨ ਸਭਾ ਹਲਕਾ (ਹੁਣ ਸਨੌਰ) ਤੋਂ ਵਿਧਾਇਕ ਚੁਣੇ ਗਏ ਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਰਹੇ ਸਨ।
ਹਰਮੇਲ ਸਿੰਘ ਟੌਹੜਾ ਦੇ ਅੰਤਿਮ ਸਸਕਾਰ ਮੌਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ, ਇਲਾਕਾ ਨਿਵਾਸੀਆਂ ਅਤੇ ਸਕੇ ਸਬੰਧੀਆਂ ਸਮੇਤ ਹੋਰਨਾਂ ਅਹਿਮ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।