ਛਠ ਪੂਜਾ ਕਾਰਨ ਟਰੇਨਾਂ ’ਚ ‘ਨੋ ਰੂਮ’, ਪਲੇਟਫਾਰਮ ’ਤੇ ‘ਨੋ ਸਪੇਸ’

Saturday, Oct 29, 2022 - 04:23 PM (IST)

ਛਠ ਪੂਜਾ ਕਾਰਨ ਟਰੇਨਾਂ ’ਚ ‘ਨੋ ਰੂਮ’, ਪਲੇਟਫਾਰਮ ’ਤੇ ‘ਨੋ ਸਪੇਸ’

ਲੁਧਿਆਣਾ (ਗੌਤਮ) : ਛਠ ਪੂਜਾ ਨੂੰ ਲੈ ਕੇ ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਆਲਮ ਇਹ ਹੈ ਕਿ ਭੀੜ ਕਾਰਨ ਟਰੇਨਾਂ ’ਚ ‘ਨੋ ਰੂਮ’ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ ਪਲੇਟਫਾਰਮ ’ਤੇ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਬੈਠਣ ਲਈ ਵੀ ਜਗ੍ਹਾ ਨਹੀਂ ਮਿਲ ਰਹੀ। ਹਾਲਾਂਕਿ ਭੀੜ ਨੂੰ ਦੇਖਦੇ ਹੋਏ ਰੇਲ ਵਿਭਾਗ ਵੱਲੋਂ ਕਈ ਸਪੈਸ਼ਲ ਟਰੇਨਾਂ ਚਲਾਉਣ ਦੇ ਨਾਲ ਹੀ ਟਰੇਨਾਂ ’ਚ ਵਾਧੂ ਕੋਚ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਸਹਿਣੀ ਪਵੇ। ਇਸ ਤੋਂ ਇਲਾਵਾ ਦਿੱਲੀ ਤੋਂ ਕਈ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਹਨ ਪਰ ਫਿਰ ਵੀ ਟਰੇਨਾਂ ਵਿਚ ਭੀੜ ਘੱਟ ਨਹੀਂ ਹੋ ਰਹੀ।

ਟਰੇਨ ਰੁਕਦੇ ਹੀ ਲੋਕ ਸੀਟ ਤੱਕ ਪੁੱਜਣ ਲਈ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੰਦੇ ਹਨ। ਕੁਝ ਲੋਕ ਟ੍ਰੈਕ 'ਚ ਉੱਤਰ ਕੇ ਸੀਟ ’ਤੇ ਪੁੱਜਣ ਦਾ ਯਤਨ ਕਰਦੇ ਹਨ, ਜਦੋਂਕਿ ਲੋਕ ਐਮਰਜੈਂਸੀ ਖਿੜਕੀ ਰਾਹੀਂ ਵੀ ਦਾਖ਼ਲ ਹੋ ਕੇ ਕੋਚ ਵਿਚ ਜਾ ਰਹੇ ਹਨ। ਯੂ. ਪੀ. ਵੱਲ ਜਾਣ ਵਾਲੀ ਹਰ ਟਰੇਨ ’ਚ ਭੀੜ ਦੇਖਣ ਨੂੰ ਮਿਲ ਰਹੀ ਹੈ।

ਭੀੜ ਕਾਰਨ ਕਈ ਰਿਜ਼ਰਵ ਟਿਕਟਾਂ ਵਾਲੇ ਲੋਕ ਪਰਿਵਾਰ ਦੇ ਨਾਲ ਟਰੇਨ ਵਿਚ ਸਵਾਰ ਨਹੀਂ ਹੋ ਪਾ ਰਹੇ, ਜਦੋਂਕਿ ਜਨਰਲ ਟਿਕਟ ਅਤੇ ਵੇਟਿੰਗ ਟਿਕਟ ਵਾਲੇ ਧੱਕਾ-ਮੁੱਕੀ ਕਰਕੇ ਸੀਟ ਤੱਕ ਪੁੱਜ ਰਹੇ ਹਨ। ਯਾਤਰਾ ਦੌਰਾਨ ਜ਼ਿਆਦਾ ਸਮਾਨ ਹੋਣ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛਠ ਪੂਜਾ ਦੀ ਭੀੜ ਕਾਰਨ ਸਾਰੇ ਵੇਟਿੰਗ ਹਾਲ, ਪਲੇਟਫਾਰਮ ਅਤੇ ਕੰਪਲੈਕਸ ’ਚ ਲੋਕ ਟਰੇਨਾਂ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਹਨ।


author

Babita

Content Editor

Related News