ਚੀਮਾ ਦੀ ਅਗਵਾਈ ''ਚ ਡੀ. ਜੀ. ਪੀ. ਨੂੰ ਮਿਲਿਆ ''ਆਪ'' ਦਾ ਵਫਦ

Saturday, Sep 22, 2018 - 08:28 AM (IST)

ਚੀਮਾ ਦੀ ਅਗਵਾਈ ''ਚ ਡੀ. ਜੀ. ਪੀ. ਨੂੰ ਮਿਲਿਆ ''ਆਪ'' ਦਾ ਵਫਦ

ਚੰਡੀਗੜ੍ਹ(ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੁਨਾਮ ਹਲਕੇ ਦੇ ਸੰਮਤੀ ਜ਼ੋਨ ਝਾੜੋ ਤੋਂ 'ਆਪ' ਦੇ ਉਮੀਦਵਾਰ ਜਗਸੀਰ ਸਿੰਘ 'ਤੇ ਗੋਲੀਆਂ ਚਲਾਉਣ ਤੇ ਜਾਤੀਸੂਚਕ ਸ਼ਬਦ ਵਰਤਣ ਵਾਲੇ ਜ਼ਿਲਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨੂੰ ਆਉਂਦੀ 24 ਸਤੰਬਰ ਤੱਕ ਗ੍ਰਿਫਤਾਰ ਨਾ ਕੀਤਾ ਤਾਂ 25 ਸਤੰਬਰ ਨੂੰ 'ਆਪ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ।

'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਫਦ ਨੇ ਪਹਿਲਾਂ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਮਿਸ਼ਨ ਨੂੰ ਰਜਿੰਦਰ ਸਿੰਘ ਰਾਜਾ ਵਿਰੁੱਧ ਐੱਸ. ਸੀ/ਐੱਸ. ਟੀ.  ਐਕਟ ਤਹਿਤ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ  ਤੇ  ਇਸ  ਉਪਰੰਤ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਮਿਲਿਆ। ਵਫਦ 'ਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ, ਮਹਿਲਾ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸਦੋਆ, ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਅਤੇ ਸੂਬਾ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਸਟੇਟ ਮੀਡੀਆ ਇੰਚਾਰਜ ਮਨਜੀਤ ਸਿੱਧੂ ਅਤੇ ਪਾਰਟੀ ਦੇ ਜੁਝਾਰੂ ਦਲਿਤ ਆਗੂ ਅਤੇ ਸੰਮਤੀ ਉਮੀਦਵਾਰ ਜਗਸੀਰ ਸਿੰਘ ਖੁਦ ਸ਼ਾਮਲ ਸਨ।


Related News