ਸਿੱਧੂ ਖਿਲਾਫ ਟਿੱਪਣੀਆਂ ਕਰਨ ਵਾਲੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ : ਮੈਦਾਨ
Thursday, Oct 26, 2017 - 06:58 AM (IST)
ਅੰਮ੍ਰਿਤਸਰ (ਜ. ਬ.) - ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਟਿੱਪਣੀਆਂ ਕਰਨ ਵਾਲੇ ਅਕਾਲੀਆਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਮੈਦਾਨ ਨੇ ਗਾਰਡਨ ਇਨਕਲੇਵ ਵਿਖੇ ਪ੍ਰੈੱਸ ਮਿਲਣੀ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਕ ਬੇਦਾਗ ਆਗੂ ਹਨ, ਜਿਨ੍ਹਾਂ ਦੀ ਈਮਾਨਦਾਰੀ ਦੀਆਂ ਲੋਕ ਮਿਸਾਲਾਂ ਦਿੰਦੇ ਨਹੀਂ ਥੱਕਦੇ ਤੇ ਦੂਜੇ ਪਾਸੇ ਗਠਜੋੜ ਲੀਡਰ ਹਨ ਜਿਨ੍ਹਾਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਗਠਜੋੜ ਲੀਡਰਾਂ ਨੇ ਆਪਣੀਆਂ ਗਲਤ ਨੀਤੀਆਂ ਕਾਰਨ ਸੂਬੇ ਨੂੰ ਆਰਥਿਕ ਪੱਖੋਂ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ, ਜਿਸ ਬਾਰੇ ਕੁਲ ਦੁਨੀਆ ਜਾਣਦੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਦੂਰਅੰਦੇਸ਼ੀ ਸਦਕਾ ਸੂਬੇ ਨੂੰ ਇਸ ਆਰਥਿਕ ਸੰਕਟ 'ਚੋਂ ਕੱਢ ਕੇ ਫਿਰ ਤੋਂ ਇਕ ਖੁਸ਼ਹਾਲ ਸੂਬਾ ਬਣਾਉਣ ਲਈ ਜੋ ਇਤਿਹਾਸਕ ਫੈਸਲੇ ਲੈ ਰਹੇ ਹਨ ਉਨ੍ਹਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ।
ਸ਼੍ਰੀ ਮੈਦਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਪਹਿਲਾਂ ਵਿਧਾਨ ਸਭਾ ਤੇ ਫਿਰ ਗੁਰਦਾਸਪੁਰ ਜ਼ਿਮਨੀ ਚੋਣ 'ਚ ਨਕਾਰੇ ਗਏ ਗਠਜੋੜ ਲੀਡਰਾਂ ਨੂੰ ਹੁਣ ਆਗਾਮੀ ਨਿਗਮ ਚੋਣਾਂ 'ਚ ਵੀ ਮੂੰਹ ਦੀ ਖਾਣੀ ਪਵੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ ਕਰਨ ਵਾਲੇ ਨਹੀਂ। ਉਨ੍ਹਾਂ ਅਖੀਰ 'ਚ ਕਿਹਾ ਕਿ ਕੈਪਟਨ ਸਰਕਾਰ ਵਿਰੁੱਧ ਬੇਤੁਕੀਆਂ ਤੇ ਹਾਸੋਹੀਣੀਆਂ ਗੱਲਾਂ ਕਰਨ ਵਾਲੇ ਵਿਰੋਧੀ ਸ਼ਾਇਦ ਇਹ ਨਹੀਂ ਜਾਣਦੇ ਕਿ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਅਜਿਹੇ ਅਹਿਮ ਕਾਰਜ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ।
