ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 21 ਲੱਖ ਦੀ ਠੱਗੀ, ਮੁਲਜ਼ਮ ਫਰਾਰ
Thursday, Apr 10, 2025 - 10:24 PM (IST)

ਹਲਵਾਰਾ (ਲਾਡੀ) : ਥਾਣਾ ਸੁਧਾਰ ਦੀ ਪੁਲਸ ਨੇ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਤੋਂ ਕਰੀਬ 21 ਲੱਖ ਰੁਪਏ ਠੱਗਣ ਵਾਲੇ ਲਾਗਲੇ ਪਿੰਡ ਲੀਲ ਦੇ ਕਰਿਆਨੇ ਦੇ ਵਪਾਰੀ ਰਾਹੁਲ ਗੋਇਲ ਦੇ ਖਿਲਾਫ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਫਰਾਰ ਹੋ ਗਿਆ ਹੈ ਤੇ ਪੁਲਸ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਪੱਖੋਵਾਲ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਦੋਸ਼ੀ ਰਾਹੁਲ ਗੋਇਲ ਦੀ ਵੀ ਪਿੰਡ ਲੀਲ ਵਿੱਚ ਕਰਿਆਨੇ ਦੀ ਦੁਕਾਨ ਸੀ ਅਤੇ ਇਸ ਲਈ ਉਨ੍ਹਾਂ ਵਿਚਕਾਰ ਲੈਣ-ਦੇਣ ਚੱਲ ਚੱਲਦਾ ਆ ਰਿਹਾ ਸੀ। ਇਸ ਦੌਰਾਨ ਰਾਹੁਲ ਗੋਇਲ ਨੇ ਪ੍ਰਦੀਪ ਕੁਮਾਰ ਨੂੰ ਪੈਸੇ ਦੁੱਗਣੇ ਕਰਨ ਦੀ ਸਕੀਮ ਬਾਰੇ ਦੱਸ ਕੇ ਝਾਂਸੇ ਵਿੱਚ ਲੈ ਲਿਆ। ਪੈਸੇ ਜਲਦੀ ਦੁੱਗਣੇ ਹੋਣ ਦੇ ਲਾਲਚ ਵਿੱਚ, ਉਹ ਰਾਹੁਲ ਗੋਇਲ ਦੀਆਂ ਗੱਲਾਂ ਵਿੱਚ ਫਸ ਗਿਆ। ਪ੍ਰਦੀਪ ਨੇ ਰਾਹੁਲ ਗੋਇਲ ਨੂੰ 2 ਲੱਖ 30 ਹਜ਼ਾਰ ਰੁਪਏ ਦੇ ਦਿੱਤੇ। ਕਾਫ਼ੀ ਸਮੇਂ ਬਾਅਦ ਵੀ, ਜਦੋਂ ਰਾਹੁਲ ਨੇ ਵਾਅਦੇ ਅਨੁਸਾਰ ਪੈਸੇ ਨਹੀਂ ਦਿੱਤੇ, ਤਾਂ ਉਨ੍ਹਾਂ ਨੇ ਕਈ ਵਾਰ ਪੰਚਾਇਤ ਵਿੱਚ ਗੱਲ ਕੀਤੀ। ਹਰ ਵਾਰ ਰਾਹੁਲ ਗੋਇਲ ਟਾਲ-ਮਟੋਲ ਕਰਦਾ ਰਿਹਾ। ਜਦੋਂ ਉਸਨੇ ਪੁਲਸ ਕੋਲ ਜਾਣ ਬਾਰੇ ਗੱਲ ਕੀਤੀ ਤਾਂ ਰਾਹੁਲ ਗੋਇਲ ਨੇ ਉਸਨੂੰ ਐੱਚਡੀਐੱਫਸੀ ਬੈਂਕ ਦੇ ਤਿੰਨ ਚੈੱਕ ਦਿੱਤੇ ਜੋ ਬਾਊਂਸ ਹੋ ਗਏ। ਜਿਸ ਤੋਂ ਬਾਅਦ ਪ੍ਰਦੀਪ ਕੁਮਾਰ ਨੇ ਪੁਲਸ ਸਟੇਸ਼ਨ ਸੁਧਾਰ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ।
ਮਾਮਲੇ ਦੇ ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਹੁਲ ਗੋਇਲ ਨੇ ਦੀਪ ਕੁਮਾਰ ਨਾਲ 3 ਲੱਖ 70 ਹਜ਼ਾਰ ਰੁਪਏ, ਰਾਜਦੀਪ ਸਿੰਘ ਨਾਲ 4 ਲੱਖ 50 ਹਜ਼ਾਰ ਰੁਪਏ, ਦੀਪਕ ਕੁਮਾਰ ਨਾਲ 3 ਲੱਖ ਰੁਪਏ, ਗਗਨਦੀਪ ਸਿੰਘ ਨਾਲ 4 ਲੱਖ 50 ਹਜ਼ਾਰ ਰੁਪਏ ਅਤੇ ਦਿਨੇਸ਼ ਕੁਮਾਰ ਨਾਲ 3 ਲੱਖ ਰੁਪਏ (ਸਾਰੇ ਪੱਖੋਵਾਲ ਦੇ ਰਹਿਣ ਵਾਲੇ) ਦੀ ਠੱਗੀ ਮਾਰੀ ਹੈ। ਸਾਰਿਆਂ ਨੂੰ ਝੂਠੇ ਵਾਅਦੇ ਕਰਕੇ ਅਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8