ਠੱਗ ਔਰਤਾਂ ਦੇ ਗਿਰੋਹ ਖਿਲਾਫ ਪਰਚਾ ਦਰਜ

Sunday, May 06, 2018 - 11:38 AM (IST)

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਸ੍ਰੀ ਚਮਕੌਰ ਸਾਹਿਬ ਵਿਖੇ ਠੱਗ ਔਰਤਾਂ ਦੇ ਕਾਬੂ ਕੀਤੇ ਗਏ ਗਿਰੋਹ ਖਿਲਾਫ ਪੁਲਸ ਨੇ ਪਰਚਾ ਦਰਜ ਕਰ ਦਿੱਤਾ। ਥਾਣਾ ਸ੍ਰੀ ਚਮਕੌਰ ਸਾਹਿਬ ਦੇ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਮੇਨ ਬਾਜ਼ਾਰ ਵਿਚ ਸਵਰਨਾ ਰਾਣੀ ਪਤਨੀ ਸਵ. ਅਰਵਿੰਦ ਕੁਮਾਰ, ਜੋ ਕਿ ਅਰਵਿੰਦ ਕਲਾਥ ਹਾਊਸ ਨਾਂ ਦੀ ਦੁਕਾਨ ਕਰਦੀ ਹੈ, ਦੇ ਬਿਆਨਾਂ ਦੇ ਆਧਾਰ 'ਤੇ ਇਹ ਪਰਚਾ ਦਰਜ ਕੀਤਾ ਗਿਆ ਹੈ। 
ਸਵਰਨਾ ਰਾਣੀ ਨੇ ਦੱਸਿਆ ਕਿ ਬਾਅਦ ਦੁਪਹਿਰ ਬੀਤੇ ਦਿਨ ਦੋ ਔਰਤਾਂ ਕੱਪੜਾ ਲੈਣ ਮੇਰੀ ਦੁਕਾਨ 'ਤੇ ਆਈਆਂ, ਜਿਨ੍ਹਾਂ ਵਿਚੋਂ ਇਕ ਨੇ ਬੱਚਾ ਵੀ ਚੁੱਕਿਆ ਹੋਇਆ ਸੀ ਤੇ ਮੈਂ ਉਨ੍ਹਾਂ ਨੂੰ ਕੱਪੜਾ ਦਿਖਾਉਣ ਲੱਗ ਪਈ। ਇੰਨੇ ਵਿਚ ਦੋ ਹੋਰ ਔਰਤਾਂ ਦੁਕਾਨ 'ਤੇ ਆ ਗਈਆਂ ਤੇ ਉਨ੍ਹਾਂ ਨੇ ਵੀ ਕੱਪੜਾ ਦਿਖਾਉਣ ਦੀ ਮੰਗ ਕੀਤੀ। ਇੰਝ ਚਾਰ ਔਰਤਾਂ ਨੇ ਮੈਨੂੰ ਉਲਝਾ ਲਿਆ। 
ਇਨ੍ਹਾਂ ਵਿਚੋਂ ਇਕ ਔਰਤ ਮੈਨੂੰ ਸਹਿਯੋਗ ਦੇਣ ਲਗ ਪਈ ਤੇ ਆਪ ਵੀ ਦੂਜੀਆਂ ਔਰਤਾਂ ਨੂੰ ਕੱਪੜਾ ਦਿਖਾਉਣ ਲਗ ਪਈ। ਇੰਝ ਇਕ ਸੂਟ ਚੁੱਕ ਕੇ ਦੂਜੀ ਔਰਤ ਨੂੰ ਉਹ ਦਿਖਾਉਂਦੀ ਤੇ ਉਹ ਸੂਟ ਬਾਹਰ ਖੜ੍ਹੀ ਗੱਡੀ ਵਿਚ ਰੱਖ ਆਉਂਦੀ। ਜਦੋਂ ਸੱਤ ਸੂਟ ਗੱਡੀ ਵਿਚ ਉਨ੍ਹਾਂ ਰੱਖ ਲਏ ਤਾਂ ਅੱਠਵੇਂ ਸੂਟ 'ਤੇ ਮੇਰੇ ਨਾਲ ਰੇਟ ਤੋਂ ਬਹਿਸ ਕਰਨ ਲਗ ਪਈਆਂ। ਬਹਿਸ ਦੌਰਾਨ ਦੁਕਾਨ ਵਿਚੋਂ ਨਿਕਲ ਕੇ ਇਹ ਔਰਤਾਂ ਜਲਦੀ-ਜਲਦੀ ਬਾਹਰ ਖੜ੍ਹੀ ਗੱਡੀ ਵਿਚ ਬੈਠਣ ਲੱਗੀਆਂ ਤੇ ਮੈਂ ਵੀ ਬਾਹਰ ਆ ਕੇ ਗੱਡੀ ਦੀ ਤਾਕੀ ਫੜ ਲਈ ਪਰ ਡਰਾਈਵਰ ਸੀਟ 'ਤੇ ਬੈਠੇ ਮੋਨੇ ਵਿਅਕਤੀ ਨੇ ਫੁਰਤੀ ਨਾਲ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਮੈਂ ਰੌਲਾ ਪਾ ਦਿੱਤਾ, ਜਿਸ ਕਾਰਨ ਗੁਆਂਢੀ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ। 
ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਰੌਲੇ ਨੂੰ ਸੁਣ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮਾਰਗ 'ਤੇ ਟੇਲਰ ਦੀ ਦੁਕਾਨ ਕਰਨ ਵਾਲੀ ਉਹ ਔਰਤ, ਜਿਸ ਦੀਆਂ ਕੁਝ ਦਿਨ ਪਹਿਲਾਂ ਇਹ ਔਰਤਾਂ ਸੋਨੇ ਦੀਆਂ ਚੂੜੀਆਂ ਲਾਹ ਕੇ ਗਈਆਂ ਸਨ, ਵੀ ਰੌਲੇ ਵਾਲੀ ਥਾਂ 'ਤੇ ਪੁੱਜ ਗਈਆਂ ਤੇ ਉਸ ਨੇ ਇਨ੍ਹਾਂ ਔਰਤਾਂ ਵਿਚੋਂ ਦੋ ਨੂੰ ਪਛਾਣ ਲਿਆ। ਲੋਕਾਂ ਨੇ ਇਸ ਗਿਰੋਹ ਦੀ ਛਿੱਤਰ ਪਰੇਡ ਵੀ ਕੀਤੀ।
ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਔਰਤਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਰਾਣੀ ਪਤਨੀ ਧਰਮਿੰਦਰ, ਸ੍ਰੇਸ਼ਟਾ ਉਰਫ ਅੱਕੋ ਪਤਨੀ ਤਰਲੋਕ ਕੁਮਾਰ ਬਿੱਲਾ, ਨੀਨਾ ਪਤਨੀ ਸੁਰਜੀਤ, ਸੁਮਨ ਪਤਨੀ ਚਮਕੀਲਾ ਪਿੰਡ ਗੰਨਾ ਥਾਣਾ ਫਲੋਰ ਜਲੰਧਰ ਵਜੋਂ ਹੋਈ ਤੇ ਗੱਡੀ ਦੇ ਡਰਾਈਵਰ ਦੀ ਪਛਾਣ ਕਮਲ ਕਿਸ਼ੋਰ ਪੁੱਤਰ ਸੁਰਿੰਦਰਪਾਲ ਮਹਿਮੀ ਕਾਲੋਨੀ ਪਿੰਡ ਫਲੋਰ ਵਜੋਂ ਹੋਈ। 
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਜੂਸ ਦੀ ਦੁਕਾਨ ਕਰਦੀ ਇਕ ਔਰਤ ਦੀਆਂ ਵੀ ਸੋਨੇ ਦੀਆਂ ਚੂੜੀਆਂ ਲਾਹ ਲਈਆਂ ਗਈਆਂ ਸਨ। ਇੰਝ ਹੀ ਸਿਹਤ ਵਿਭਾਗ ਦੇ ਇਕ ਸਾਬਕਾ ਕਰਮਚਾਰੀ ਦਾ ਸੋਨੇ ਦਾ ਕੜਾ ਵੀ ਬੀਤੇ ਦਿਨ ਉਪਰੋਕਤ ਅੰਦਾਜ਼ ਵਿਚ ਹੀ ਗਾਇਬ ਹੋ ਗਿਆ ਸੀ। ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬੀਤੇ ਸਮੇਂ ਵਿਚ ਹੋਰ ਚੋਰੀਆਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।


Related News