ਸਸਤੀ ਬਿਜਲੀ ਮਾਮਲੇ 'ਚ ਵਪਾਰੀ ਮੰਨੇ, ਸਰਕਾਰ ਨੇ ਬਣਾਇਆ ਬੁੱਧੂ
Thursday, Dec 21, 2017 - 08:59 PM (IST)
ਲੁਧਿਆਣਾ (ਧੀਮਾਨ)-ਪੰਜਾਬ 'ਚ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਸਰਕਾਰੀ ਫੈਸਲੇ 'ਚ ਉਦਯੋਗਪਤੀ ਇਸ ਤਰ੍ਹਾਂ ਉਲਝੇ ਹਨ ਕਿ ਹੁਣ ਆਪ ਇਕ-ਦੂਜੇ ਨੂੰ ਕੋਸਣ ਲੱਗ ਗਏ ਹਨ। ਵਜ੍ਹਾ, ਅਫਸਰਾਂ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਵੱਖ-ਵੱਖ ਐਸੋਸੀਏਸ਼ਨਾਂ ਨਾਲ ਜੋ ਮੀਟਿੰਗਾਂ ਕੀਤੀਆਂ ਸਨ, ਉਸ ਵਿਚ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਨੂੰ ਗੋਲ-ਮੋਲ ਕਰ ਦਿੱਤਾ ਗਿਆ ਸੀ। ਉੱਦਮੀ ਵੀ ਖੁਸ਼ ਹੋ ਕੇ ਸਰਕਾਰ ਦਾ ਧੰਨਵਾਦ ਕਰ ਆਏ ਸਨ ਪਰ ਅੱਜ ਜਦੋਂ 'ਜਗ ਬਾਣੀ' ਨੇ ਅਸਲੀਅਤ ਦਿਖਾਈ ਤਾਂ ਕ੍ਰੈਡਿਟ ਲੈਣ ਦੀ ਹੋੜ ਵਿਚ ਜੁਟੇ ਉੱਦਮੀ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆਉਣ ਲੱਗੇ।
ਉਦਯੋਗਿਕ ਆਗੂਆਂ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਸਮਝ ਨਹੀਂ ਆਇਆ ਸੀ ਕਿ ਸਰਕਾਰ ਕਿਸ ਤਰ੍ਹਾਂ ਕੈਲਕੁਲੇਸ਼ਨ ਕਰ ਰਹੀ ਹੈ ਜਾਂ ਤੁਹਾਡੇ 'ਤੇ ਕੋਈ ਦਬਾਅ ਸੀ, ਸਭ ਨੇ ਮੰਨਿਆ ਕਿ ਸਰਕਾਰ ਦਾ ਫੋਕਸ ਭੁੱਖ-ਹੜਤਾਲ ਖਤਮ ਕਰਵਾਉਣਾ ਸੀ, ਜਿਸ ਵਿਚ ਉਹ ਕਾਮਯਾਬ ਹੋ ਗਏ ਅਤੇ ਉੱਦਮੀਆਂ ਨੂੰ ਬੁੱਧੂ ਬਣਾ ਕੇ ਵਾਪਸ ਭੇਜ ਦਿੱਤਾ।
ਇਸ ਸਬੰਧ ਵਿਚ ਅੱਜ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਧਾਨ ਯੂ. ਸੀ. ਪੀ. ਐੱਮ. ਏ. ਦੇ ਦਫਤਰ 'ਚ ਇਕੱਠੇ ਹੋਏ ਅਤੇ ਜਦੋਂ ਹਿਸਾਬ ਲਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਵੀ ਕੀਮਤ 'ਤੇ ਬਿਜਲੀ 8 ਰੁਪਏ ਤੋਂ ਘੱਟ ਨਹੀਂ ਪੈ ਰਹੀ। ਇਸ 'ਤੇ ਸਭ ਦੇ ਹੋਸ਼ ਉੱਡ ਗਏ ਤੇ ਧੰਨਵਾਦ ਕਰਨ ਵਾਲੇ ਆਗੂ ਇਕ-ਦੂਜੇ ਨੂੰ ਕੋਸਣ ਲੱਗ ਪਏ। ਇੰਨਾ ਹੀ ਨਹੀਂ, ਕਿਸੇ ਨੇ ਵੀ 5 ਰੁਪਏ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ। ਮਤਲਬ ਸਮਝਦਾਰ ਕਾਰੋਬਾਰੀ ਜੋ ਕਰੋੜਾਂ-ਅਰਬਾਂ ਦਾ ਕਾਰੋਬਾਰ ਕਰਦੇ ਹਨ ਤੇ ਵੱਡੀਆਂ-ਵੱਡੀਆਂ ਐਸੋਸੀਏਸ਼ਨਾਂ ਦੇ ਆਗੂ ਹਨ, ਉਹ ਵੀ ਆਪਣੀ ਕਾਬਲੀਅਤ 'ਤੇ ਸਵਾਲੀਆ ਨਿਸ਼ਾਨ ਲਾ ਬੈਠੇ। ਕਈ ਆਗੂਆਂ ਨੇ ਤਾਂ ਬਿਜਲੀ 5 ਰੁਪਏੇ ਪ੍ਰਤੀ ਯੂਨਿਟ ਕਰਵਾਉਣ ਦੇ ਫੈਸਲੇ ਦਾ ਸਿਹਰਾ ਲੈਣ ਲਈ ਆਪਣੇ ਹੀ ਆਦਮੀਆਂ ਨੂੰ ਕਹਿ ਕੇ ਆਪਣੇ ਆਪ ਨੂੰ ਸਨਮਾਨਿਤ ਕਰਵਾਉਣ ਦੀ ਵੀ ਯੋਜਨਾ ਬਣਾ ਲਈ ਸੀ। ਇਸ ਕ੍ਰੈਡਿਟ ਵਾਰ ਨੇ ਹੀ ਸਾਰੀ ਇੰਡਸਟਰੀ ਨੂੰ ਸੰਕਟ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ।

ਇੰਦਰਜੀਤ ਨਵਯੁਗ ਪ੍ਰਧਾਨ ਯੂ. ਸੀ. ਪੀ. ਐੱਮ. ਏ. ਦਾ ਕਹਿਣਾ ਹੈ ਕਿ ਉਥੇ ਰੌਲਾ-ਰੱਪਾ ਜ਼ਿਆਦਾ ਸੀ, ਇਸ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਹੋਈ ਤਾਂ ਸੀ ਪਰ ਉਹ ਕਿਸ ਰੇਟ 'ਤੇ ਪਵੇਗੀ, ਉਸ ਨੂੰ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਸੀ। ਕੁੱਝ ਉਦਯੋਗਿਕ ਆਗੂਆਂ ਨੇ ਤਾਂ ਅਫਸਰਾਂ ਨਾਲ ਨੇੜਤਾ ਵਧਾਉਣ ਲਈ ਤੇਜ਼ੀ ਨਾਲ ਫੈਸਲੇ ਕਰਵਾ ਦਿੱਤੇ। ਕਿਸੇ ਨੂੰ ਸਮਝ ਹੀ ਨਹੀਂ ਆਉਣ ਦਿੱਤਾ ਕਿ ਹੋ ਕੀ ਰਿਹਾ ਹੈ। ਜਦੋਂ ਕੈਲਕੁਲੇਸ਼ਨ ਕੀਤੀ ਗਈ ਤਾਂ ਪਤਾ ਲੱਗਾ ਕਿ ਬਿਜਲੀ 8 ਰੁਪਏ ਤੋਂ ਜ਼ਿਆਦਾ ਪਵੇਗੀ। ਹੁਣ ਨੋਟੀਫਿਕੇਸ਼ਨ ਆਉਣ ਦੀ ਉਡੀਕ ਹੈ। ਇਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਅੱਗੇ ਕੀ ਕਰਨਾ ਹੈ।

ਚਰਨਜੀਤ ਸਿੰਘ ਵਿਸ਼ਵਕਰਮਾ, ਸਾਬਕਾ ਪ੍ਰਧਾਨ ਯੂ. ਸੀ. ਪੀ. ਐੱਮ. ਏ. ਨੇ ਦੱਸਿਆ ਕਿ ਮੈਨੂੰ ਉਥੇ ਬੋਲਣ ਨਹੀਂ ਦਿੱਤਾ ਗਿਆ। ਸਭ ਕੁੱਝ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਹੀ ਆਪਣੀ ਰਾਜਨੀਤੀ ਚਮਕਾਉਣ ਲਈ ਅਫਸਰਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਰਹੇ। ਉਨ੍ਹਾਂ ਗਲਤ ਕੀ ਹੈ ਤੇ ਠੀਕ ਕੀ ਹੈ, ਸਮਝਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਕੁੱਝ ਆਗੂ ਤਾਂ ਅਫਸਰਾਂ ਅਤੇ ਮੰਤਰੀਆਂ ਨਾਲ ਫੋਟੋ ਖਿਚਵਾਉਣ ਵਿਚ ਮਗਨ ਰਹੇ। ਅੱਜ ਅਜਿਹੇ ਆਗੂਆਂ ਕਾਰਨ ਹੀ ਇੰਡਸਟਰੀ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ।

ਇਸ ਮਾਮਲੇ 'ਤੇ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ.ਗਰਗ ਨੇ ਕਿਹਾ ਕਿ ਸ਼ੋਰ-ਸ਼ਰਾਬਾ ਇੰਨਾ ਜ਼ਿਆਦਾ ਸੀ ਤੇ ਮੁੱਦੇ ਕਈ ਸਨ। ਅਫਸਰਾਂ ਨੇ ਵੀ ਇਸ ਦਾ ਫਾਇਦਾ ਲੈਂਦਿਆਂ 5 ਰੁਪਏ ਵਾਲੇ ਮਾਮਲੇ ਨੂੰ ਹੌਲੀ ਜਿਹੇ ਨਿਪਟਾ ਦਿੱਤਾ। ਕੁੱਝ ਵੱਡੇ ਉੱਦਮੀਆਂ ਨੇ ਆਪਣੇ ਫਾਇਦੇ ਲਈ ਉਨ੍ਹਾਂ ਅਫਸਰਾਂ ਨੇੜੇ ਤੱਕ ਨਹੀਂ ਜਾਣ ਦਿੱਤਾ ਤੇ ਨਾ ਹੀ ਬੈਠਕ ਵਿਚ ਬੋਲਣ ਦਿੱਤਾ।
