CM ਚੰਨੀ ਦਾ ''ਆਪ'' ''ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ
Saturday, Jan 29, 2022 - 10:47 AM (IST)
ਜਲੰਧਰ (ਧਵਨ)– ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਉਨ੍ਹਾਂ ਲਾਹ ਸੁੱਟਿਆ ਹੈ ਕਿਉਂਕਿ ਕੇਜਰੀਵਾਲ ਡਰਾਮਾ ਕਰਕੇ ਕਾਫ਼ੀ ਸਮੇਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਦੋਂ ਇਕ ਗ਼ਰੀਬ ਪਰਿਵਾਰ ਨਾਲ ਸੰਬੰਧਤ ਵਿਅਕਤੀ ਦੇ ਹੱਥਾਂ ਵਿਚ ਰਾਜ ਸੱਤਾ ਸੌਂਪੀ ਤਾਂ ਉਸ ਨਾਲ ਕੇਜਰੀਵਾਲ ਦਾ ਨਕਾਬ ਉਤਰਨਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿ ਕੇ ਗੁੰਮਰਾਹ ਕਰਨ ਵਿਚ ਲੱਗੇ ਹੋਏ ਸਨ ਕਿ ਉਹ ਆਮ ਵਿਅਕਤੀ ਹਨ ਜਦਕਿ ਇਹ ਸਭ ਢਕੋਸਲਾ ਸੀ। ਅਸਲੀਅਤ ਇਹ ਸੀ ਕਿ ਕੇਜਰੀਵਾਲ ਹਾਈ-ਪ੍ਰੋਫਾਈਲ ਸਿਆਸਤਦਾਨ ਹਨ ਅਤੇ ਦਿੱਲੀ ਜਾ ਕੇ ਅਸਲੀਅਤ ਦਾ ਪਤਾ ਲਗਾਇਆ ਜਾ ਸਕਦਾ ਹੈ।
ਚੰਨੀ ਨੇ ਕੁਝ ਚੈਨਲਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੱਥਾਂ ਵਿਚ ਪੰਜਾਬ ਦੀ ਸੱਤਾ ਦੀ ਵਾਗਡੋਰ ਆਉਣ ਤੋਂ ਬਾਅਦ ਉਨ੍ਹਾਂ ਆਮ ਜਨਤਾ ਨਾਲ ਜੁੜੇ ਹੋਏ ਸਾਰੇ ਫ਼ੈਸਲੇ ਸਰਕਾਰੀ ਪੱਧਰ ’ਤੇ ਲਏ। ਉਨ੍ਹਾਂ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਗਰੀਬਾਂ, ਦਰਮਿਆਨੇ ਵਰਗ ਦੇ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਸਰਕਾਰੀ ਪੱਧਰ ’ਤੇ ਫੈਸਲੇ ਲਏ। ਇਨ੍ਹਾਂ ਫ਼ੈਸਲਿਆਂ ਤੋਂ ਬਾਅਦ ਕੇਜਰੀਵਾਲ ਦੇ ਮੂੰਹ ’ਤੇ ਆਮ ਆਦਮੀ ਦਾ ਚੜਿਆ ਨਕਾਬ ਲੱਥਣਾ ਸ਼ੁਰੂ ਹੋ ਗਿਆ ਸੀ। ਚੰਨੀ ਨੇ ਕਿਹਾ ਕਿ ਹੁਣ ਭਵਿੱਖ ਵਿਚ ਕੇਜਰੀਵਾਲ ਦਾ ਝੂਠਾ ਨਕਾਬ ਦੋਬਾਰਾ ਚੱਲਣ ਦੇ ਆਸਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਦਤ ਹੈ ਕਿ ਪਹਿਲਾਂ ਤਾਂ ਉਹ ਜ਼ੋਰ-ਸ਼ੋਰ ਨਾਲ ਆਪਣੇ ਵਿਰੋਧੀਆਂ ਖਿਲਾਫ ਦੋਸ਼ ਲਗਾਉਂਦੇ ਹਨ ਅਤੇ ਕੁਝ ਸਮੇਂ ਬਾਅਦ ਉਹ ਉਨ੍ਹਾਂ ਤੋਂ ਮੁਆਫ਼ੀ ਮੰਗ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬੀਤੇ ਵਿਚ ਨਿਤਿਨ ਗਡਕਰੀ, ਸਵ. ਅਰੁਣ ਜੇਤਲੀ, ਅਕਾਲੀ ਨੇਤਾ ਵਿਕਰਮ ਮਜੀਠੀਆ ਤੋਂ ਜਨਤਕ ਤੌਰ ’ਤੇ ਮੁਆਫ਼ੀਆਂ ਮੰਗੀਆਂ ਹਨ। ਅੱਜ ਕੇਜਰੀਵਾਲ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ ਪਰ ਕੀ ਪਤਾ ਕਲ ਨੂੰ ਚੋਣ ਸੰਪੰਨ ਹੋਣ ਤੋਂ ਬਾਅਦ ਉਹ ਮੇਰੇ ਕੋਲੋਂ ਵੀ ਮੁਆਫ਼ੀ ਮੰਗ ਲੈਣ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ
ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਗਰੀਬਾਂ ਅਤੇ ਦਰਮਿਆਨੇ ਵਰਗ ਦੇ ਲੋਕਾਂ ਦੇ ਹਿੱਤਾਂ ਵਿਚ ਫ਼ੈਸਲੇ ਲਏ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਬਿਜਲੀ ਸਸਤੀ ਕੀਤੀ, ਬਿਜਲੀ ਦੇ ਬਕਾਇਆ ਬਿੱਲ ਮੁਆਫ ਕੀਤੇ, ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟਾਏ, ਪਾਣੀ ਦੀਆਂ ਦਰਾਂ ਨੂੰ ਘਟਾਇਆ, ਵਪਾਰੀਆਂ ਦੇ ਪੈਂਡਿੰਗ ਪਏ ਸੀ-ਫਾਰਮ ਨਾਲ ਸੰਬੰਧਤ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਆਪਣੇ ਕਰਮਚਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਖੁਦ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਗਊਸ਼ਾਲਾਵਾਂ ਦੇ ਉਪਰ ਬਿਜਲੀ ਬਿੱਲਾਂ ਦਾ 18 ਕਰੋੜ ਰੁਪਏ ਦਾ ਬਕਾਇਆ ਪਿਆ ਹੋਇਆ ਸੀ, ਜੋ ਉਨ੍ਹਾਂ ਦੀ ਸਰਕਾਰ ਨੇ ਮੁਆਫ ਕੀਤਾ। ਹੁਣ ਭਵਿੱਖ ਵਿਚ ਗਊਸ਼ਾਲਾਵਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਇਆ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?
ਈ. ਡੀ. ਦੇ ਛਾਪਿਆਂ ਤੋਂ ਬਾਅਦ ਸਾਰੇ ਕਾਂਗਰਸੀ ਨੇਤਾ ਮੇਰੇ ਨਾਲ ਖੜੇ ਰਹੇ
ਈ. ਡੀ. ਵੱਲੋਂ ਉਨ੍ਹਾਂ ਰਿਸ਼ਤੇਦਾਰ ’ਤੇ ਮਾਰੇ ਗਏ ਛਾਪਿਆਂ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਕਿਹਾ ਕਿ ਕਾਂਗਰਸ ਦੇ ਵਧੇਰੇ ਨੇਤਾ ਉਨ੍ਹਾਂ ਦੇ ਨਾਲ ਖੜੇ ਹੋਏ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੋਦੀ ਸਰਕਾਰ ਨੇ ਬਦਲੇ ਦੀ ਭਾਵਨਾ ਤੋਂ ਕਾਰਵਾਈ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਨਕਦੀ ਉਨ੍ਹਾਂ ਦੇ ਘਰੋਂ ਫੜੀ ਗਈ ਸੀ ਜੋ ਕੇਜਰੀਵਾਲ ਵਰਗੇ ਲੋਕ ਨਕਦੀ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਂਦੇ ਰਹੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਤਾਂ ਖੁੱਲ੍ਹ ਕੇ ਉਨ੍ਹਾਂ ਦੇ ਨਾਲ ਛਾਪਿਆਂ ਦੇ ਬਾਅਦ ਨਹੀਂ ਆਏ ਸਨ, ਚੰਨੀ ਨੇ ਕਿਹਾ ਕਿ ਹਰ ਵਿਅਕਤੀ ਦਾ ਆਪਣਾ ਵਿਚਾਰ ਹੁੰਦਾ ਹੈ। ਉਹ ਇਸ ’ਤੇ ਕੁਝ ਨਹੀਂ ਕਹਿਣਗੇ।
ਕਾਂਗਰਸ ਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਵਧੇਰੇ ਇਸ ਲਈ ਨਾਰਾਜ਼ਗੀਆਂ ਵਧੇਰੇ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਧੇਰੇ ਹਨ ਇਸ ਲਈ ਪਾਰਟੀ ਟਿਕਟਾਂ ਨੂੰ ਲੈ ਕੇ ਕਾਂਗਰਸ ਦੇ ਅੰਦਰ ਜ਼ਿਆਦਾ ਮਾਰਾਮਾਰੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਟਿਕਟਾਂ ਲਈ ਦਾਅਵੇਦਾਰ ਵੀ ਜ਼ਿਆਦਾ ਸਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੋ ਨਾਰਾਜ਼ ਨੇਤਾ ਹਨ, ਉਨ੍ਹਾਂ ਨੂੰ ਮਨਾ ਲਿਆ ਜਾਵੇਗਾ ਅਤੇ ਉਹ ਵੀ ਪਾਰਟੀ ਲਈ ਹੀ ਕੰਮ ਕਰਨਗੇ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ